ਰਾਜ ਸਭਾ ਉਮੀਦਵਾਰਾਂ ਨੂੰ ਲੈ ਕੇ ਭਾਜਪਾ ਨੇ ਸਾਧਿਆ ਕੇਜਰੀਵਾਲ ''ਤੇ ਨਿਸ਼ਾਨਾ

01/03/2018 5:56:57 PM

ਨਵੀਂ ਦਿੱਲੀ— ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ਰਾਜ ਸਭਾ ਚੋਣਾਂ ਲਈ '2 ਕਾਰੋਬਾਰੀਆਂ' ਨੂੰ ਉਮੀਦਵਾਰ ਬਣਾ ਕੇ ਜਨਤਾ ਨਾਲ ਵਿਸ਼ਵਾਸਘਾਤ ਕੀਤਾ ਹੈ। ਆਮ ਆਦਮੀ ਪਾਰਟੀ ਨੇ 16 ਜਨਵਰੀ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਸੰਜੇ ਸਿੰਘ, ਸੁਸ਼ੀਲ ਗੁਪਤਾ ਅਤੇ ਐੱਨ.ਡੀ. ਗੁਪਤਾ ਦੇ ਨਾਂ ਦਾ ਐਲਾਨ ਕੀਤਾ ਹੈ। ਸੰਜੇ ਸਿੰਘ ਪਾਰਟੀ ਦੀ ਸਥਾਪਨਾ ਅਤੇ ਉਸ ਨੂੰ ਜਨਮ ਦੇਣ ਵਾਲੇ ਅੰਦੋਲਨ ਦੇ ਸਮੇਂ ਤੋਂ ਇਸ ਨਾਲ ਜੁੜੇ ਹਨ, ਉੱਥੇ ਹੀ ਸੁਸ਼ੀਲ ਗੁਪਤਾ ਦਿੱਲੀ ਦੇ ਉਦਯੋਗਪਤੀ ਹਨ ਅਤੇ ਐੱਨ.ਡੀ. ਗੁਪਤਾ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਹਨ। ਤਿਵਾੜੀ ਨੇ ਸੰਸਦ ਕੈਂਪਸ 'ਚ ਪੱਤਰਕਾਰ ਨੂੰ ਕਿਹਾ ਕਿ 'ਆਪ' ਦੇ ਰਾਜ ਸਭਾ ਉਮੀਦਵਾਰਾਂ ਦਾ ਐਲਾਨ ਇਸ ਦੇ ਭ੍ਰਿਸ਼ਟਾਚਾਰ ਵਿਰੋਧੀ ਰੁਖ ਨੂੰ ਝੁਠਲਾਉਂਦੀ ਹੈ, ਜਿਸ ਦੇ ਆਧਾਰ 'ਤੇ ਇਹ ਦਿੱਲੀ ਦੀ ਸੱਤਾ 'ਚ ਆਈ ਸੀ।
ਉਨ੍ਹਾਂ ਨੇ ਕਿਹਾ,''ਅਰਵਿੰਦ ਕੇਜਰੀਵਾਲ ਭ੍ਰਿਸ਼ਟਾਚਾਰ ਨਾਲ ਲੜਨ ਦੀ ਗੱਲ ਕਰਦੇ ਹੋਏ ਸੱਤਾ 'ਚ ਆਏ। ਹੁਣ ਉਹ 2 ਕਾਰੋਬਾਰੀਆਂ ਨੂੰ ਰਾਜ ਸਭਾ 'ਚ ਭੇਜ ਰਹੇ ਹਨ। ਉਨ੍ਹਾਂ ਨੇ ਨਾ ਸਿਰਫ ਦਿੱਲੀ ਨਾਲ ਵਿਸ਼ਵਾਸਘਾਤ ਕੀਤਾ ਹੈ ਸਗੋਂ ਪੂਰੇ ਦੇਸ਼ ਨਾਲ ਵੀ ਕੀਤਾ ਹੈ।'' ਸੁਸ਼ੀਲ ਗੁਪਤਾ ਪਹਿਲਾਂ ਕਾਂਗਰਸ 'ਚ ਰਹੇ ਹਨ ਅਤੇ ਉਨ੍ਹਾਂ ਨੇ ਪਿਛਲੇ ਸਾਲ ਨਵੰਬਰ 'ਚ ਹੀ ਕਾਂਗਰਸ ਤੋਂ ਅਸਤੀਫਾ ਦਿੱਤਾ ਸੀ। ਦਿੱਲੀ ਕਾਂਗਰਸ ਦੇ ਪ੍ਰਧਾਨ ਅਜੇ ਮਾਕਨ ਨੇ ਕਿਹਾ ਕਿ ਗੁਪਤਾ ਜਦੋਂ ਉਨ੍ਹਾਂ ਨੂੰ ਅਸਤੀਫਾ ਸੌਂਪਣ ਆਏ ਸਨ, ਉਦੋਂ ਦੱਸ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ 'ਚ ਭੇਜਣ ਦਾ ਵਾਅਦਾ ਕੀਤਾ ਹੈ। ਮਾਕਨ ਨੇ ਟਵੀਟ ਕੀਤਾ,''28 ਨਵੰਬਰ ਨੂੰ ਸੁਸ਼ੀਲ ਗੁਪਤਾ ਆਪਣਾ ਅਸਤੀਫਾ ਸੌਂਪਣ ਆਏ। ਮੈਂ ਉਨ੍ਹਾਂ ਤੋਂ ਪੁੱਛਿਆ ਕਿ ਕਿਉਂ? ਉਨ੍ਹਾਂ ਦਾ ਜਵਾਬ ਸੀ,''ਮੈਨੂੰ ਰਾਜ ਸਭਾ ਸੀਟ ਦਾ ਵਾਅਦਾ ਕੀਤਾ ਗਿਆ।'' ਮਾਕਨ ਨੇ ਕਿਹਾ ਕਿ ਗੁਪਤਾ ਚੰਗੇ ਆਦਮੀ ਹਨ ਅਤੇ ਖੂਬ ਪਰੋਪਕਾਰ (ਚੈਰਿਟੀ) ਕੰਮ ਕਰਦੇ ਹਨ।