ਭਾਜਪਾ ਨੇ ਤੇਜ਼ੀ ਨਾਲ ਉੱਭਰਦੀ ਭਾਰਤੀ ਅਰਥਵਿਵਸਥਾ ਕੀਤੀ ਬਰਬਾਦ : ਰਾਹੁਲ ਗਾਂਧੀ

07/18/2022 12:33:35 PM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਈ ਖਾਣ ਪੀਣ ਦੀਆਂ ਵਸਤੂਆਂ ਨੂੰ ਮਾਲ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦੇ ਦਾਇਰੇ 'ਚ ਲਿਆਏ ਜਾਣ ਨੂੰ ਲੈ ਕੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦੁਨੀਆ ਦੀ ਇਕ ਤੇਜ਼ੀ ਨਾਲ ਉੱਭਰਦੀ ਅਰਥਵਿਵਸਥਾ ਬਰਬਾਦ ਕਰ ਦਿੱਤੀ। ਉਨ੍ਹਾਂ ਨੇ ਦਹੀਂ, ਲੱਸੀ, ਪਨੀਰ ਅਤੇ ਕਈ ਹੋਰ ਵਸਤੂਆਂ 'ਤੇ ਜੀ.ਐੱਸ.ਟੀ. ਲਗਾਏ ਜਾਣ ਨਾਲ ਜੁੜਿਆ ਇਕ ਚਾਰਟ ਸਾਂਝਾ ਕਰਦੇ ਹੋਏ ਟਵੀਟ ਕੀਤਾ,''ਉੱਚ ਦਰ ਵਾਲਾ ਟੈਕਸ, ਕੋਈ ਰੁਜ਼ਗਾਰ ਨਹੀਂ। ਇਹ ਉੱਚ ਕੋਟੀ ਦਾ ਉਦਾਹਰਣ ਹੈ ਕਿ ਭਾਜਪਾ ਨੇ ਕਿਵੇਂ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਉੱਭਰਦੀਆਂ ਅਰਥਵਿਵਸਥਾਵਾਂ 'ਚੋਂ ਇਕ ਨੂੰ ਨਸ਼ਟ ਕਰ ਦਿੱਤਾ।''

ਜੀ.ਐੱਸ.ਟੀ. ਪ੍ਰੀਸ਼ਦ ਦੇ ਫ਼ੈਸਲੇ ਲਾਗੂ ਹੋਣ ਤੋਂ ਬਾਅਦ ਸੋਮਵਾਰ ਨੂੰ ਕਈ ਖਾਣ ਪੀਣ ਵਾਲੀਆਂ ਵਸਤੂਆਂ ਮਹਿੰਗੀਆਂ ਹੋ ਗਈਆਂ ਹਨ। ਇਨ੍ਹਾਂ 'ਚ ਪਹਿਲੇ ਤੋਂ ਪੈਕ ਅਤੇ ਲੇਬਲ ਵਾਲੇ ਫੂਡ ਪਦਾਰਥ ਜਿਵੇਂ ਆਟਾ, ਪਨੀਰ ਅਤੇ ਦਹੀਂ ਸ਼ਾਮਲ ਹਨ, ਜਿਨ੍ਹਾਂ 'ਤੇ 5 ਫੀਸਦੀ ਜੀ.ਐੱਸ.ਟੀ. ਦੇਣਾ ਹੋਵੇਗਾ। ਇਸ ਤਰ੍ਹਾਂ 5 ਹਜ਼ਾਰ ਰੁਪਏ ਤੋਂ ਵੱਧ ਕਿਰਾਏ ਵਾਲੇ ਹਸਪਤਾਲ ਦੇ ਕਮਰਿਆਂ 'ਤੇ ਵੀ ਜੀ.ਐੱਸ.ਟੀ. ਦੇਣਾ ਹੋਵੇਗਾ। ਇਸ ਤੋਂ ਇਲਾਵਾ 1,000 ਰੁਪਏ ਹਰ ਦਿਨ ਤੋਂ ਘੱਟ ਕਿਰਾਏ ਵਾਲੇ ਹੋਟਲ ਦੇ ਕਮਰਿਆਂ 'ਤੇ 12 ਫੀਸਦੀ ਦੀ ਦਰ ਨਾਲ ਟੈਕਸ ਲਗਾਉਣ ਦੀ ਗੱਲ ਕਹੀ ਗਈ ਹੈ। ਹੁਣ ਇਸ 'ਤੇ ਕੋਈ ਟੈਕਸ ਨਹੀਂ ਲੱਗਦਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha