ਟਰੈਫਿਕ ਪੁਲਸ ਨਾਲ ਧੀ ਦੀ ਬਦਸਲੂਕੀ ''ਤੇ ਭਾਜਪਾ ਵਿਧਾਇਕ ਨੇ ਮੰਗੀ ਮੁਆਫ਼ੀ

06/10/2022 12:02:04 PM

ਬੈਂਗਲੁਰੂ- ਕਰਨਾਟਕ ਦੇ ਭਾਜਪਾ ਵਿਧਾਇਕ ਦੀ ਧੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਉਹ ਟਰੈਫਿਕ ਪੁਲਸ ਨਾਲ ਬਹਿਸ ਕਰਦੀ ਨਜ਼ਰ ਆ ਰਹੀ ਹੈ। ਦੱਸਣਯੋਗ ਹੈ ਕਿ ਕੁੜੀ ਕਰਨਾਟਕ ਦੇ ਭਾਜਪਾ ਵਿਧਾਇਕ ਅਰਵਿੰਦ ਨਿੰਬਾਵਲੀ ਦੀ ਧੀ ਹੈ। ਜਾਣਕਾਰੀ ਅਨੁਸਾਰ, ਵੀਰਵਾਰ ਨੂੰ ਜਦੋਂ ਇਕ ਬੀ.ਐੱਮ.ਡਬਲਿਊ. ਕਾਰ 'ਚ ਸਵਾਰ ਅਰਵਿੰਦ ਨਿੰਬਾਵਲੀ ਦੀ ਧੀ ਅਤੇ ਉਸ ਦੇ ਦੋਸਤਾਂ ਨੂੰ ਟਰੈਫਿਕ ਪੁਲਸ ਨੇ ਸਿਗਨਲ ਤੋੜਨ ਲਈ ਰੋਕਿਆ। ਜਿਸ ਤੋਂ ਬਾਅਦ ਵਿਧਾਇਕ ਦੀ ਧੀ ਗਲਤੀ ਮੰਨਣ ਦੀ ਬਜਾਏ ਟਰੈਫਿਕ ਪੁਲਸ ਨਾਲ ਬਹਿਸ ਕਰਨ ਲੱਗੀ ਅਤੇ ਧਮਕਾਉਣ ਲੱਗੀ ਕਿ ਕਾਰ ਕਿਵੇਂ ਫੜੀ?

ਹਾਲਾਂਕਿ ਵਿਧਾਇਕ ਦੀ ਧੀ ਦੀ ਬਦਸਲੂਕੀ ਦੇ ਬਾਵਜੂਦ ਪੁਲਸ ਝੁਕੀ ਨਹੀਂ ਅਤੇ ਸਬੂਤ ਦਿਖਾਉਂਦੇ ਹੋਏ 10 ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲ ਕੀਤਾ। ਵਾਇਰਲ ਵੀਡੀਓ 'ਚ ਭਾਜਪਾ ਵਿਧਾਇਕ ਦੀ ਧੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਮੈਂ ਹੁਣ ਜਾਣਾ ਚਾਹੁੰਦੀ ਹਾਂ। ਕਾਰ ਨਾ ਫੜੋ। ਮੇਰੇ 'ਤੇ ਓਵਰਟੇਕ ਕਰਨ ਦਾ ਮਾਮਲਾ ਨਹੀਂ ਪਾ ਸਕਦੇ। ਇਹ ਇਕ ਵਿਧਾਇਕ ਦੀ ਗੱਡੀ ਹੈ। ਅਸੀਂ ਰੈਸ਼ ਡਰਾਈਵਿੰਗ ਨਹੀਂ ਕੀਤੀ ਹੈ। ਮੇਰੇ ਪਿਤਾ ਅਰਵਿੰਦ ਲਿੰਬਾਵਲੀ ਹਨ। ਉੱਥੇ ਹੀ ਬਹਿਸ ਦੌਰਾਨ ਕੁੜੀ ਨੇ ਮੰਨਿਆ ਕਿ ਜੁਰਮਾਨਾ ਭਰਨ ਲਈ ਪੈਸੇ ਨਹੀਂ ਹਨ। ਜਿਸ ਤੋਂ ਬਾਅਦ ਉਸ ਦੇ ਦੋਸਤ ਨੇ ਜੁਰਮਾਨਾ ਅਦਾ ਕੀਤਾ ਅਤੇ ਉਨ੍ਹਾਂ ਨੂੰ ਜਾਣ ਦਿੱਤਾ ਗਿਆ।

ਵਿਧਾਇਕ ਨੇ ਕਿਹਾ,''ਇਹ ਇਕ ਛੋਟਾ ਜਿਹਾ ਮਾਮਲਾ ਸੀ। ਮੇਰੀ ਧੀ ਆਪਣੇ ਦੋਸਤ ਨਾਲ ਕਾਰ 'ਚ ਜਾ ਰਹੀ ਸੀ। ਸਕਿਓਰਿਟੀ ਨੇ ਕਾਰ ਰੋਕੀ ਸੀ ਅਤੇ ਉਨ੍ਹਾਂ ਨੇ ਉਸ ਦੇ ਦੋਸਤ ਤਰੁਣ 'ਤੇ ਜੁਰਮਾਨਾ ਲਗਾਇਆ ਸੀ। ਇਹ ਪਹਿਲਾ ਹਿੱਸਾ ਹੈ। ਇਸ ਤੋਂ ਬਾਅਦ ਦੋਸ਼ ਹੈ ਕਿ ਧੀ ਨੇ ਮੀਡੀਆ 'ਤੇ ਹਮਲਾ ਕੀਤਾ ਸੀ ਪਰ ਮੈਂ ਵੀ ਵੀਡੀਓ ਦੇਖਿਆ ਸੀ, ਜਿਸ 'ਚ ਉਹ ਮੀਡੀਆ ਕਰਮੀਆਂ ਨੂੰ 'ਸਰ' ਬੋਲ ਰਹੀ ਸੀ। ਇਸ ਤੋਂ ਬਾਅਦ ਵੀ ਜੇਕਰ ਕਿਸੇ ਮੀਡੀਆ ਕਰਮੀ ਨੂੰ ਧੀ ਦੇ ਰਵੱਈਏ ਨਾਲ ਦੁਖ ਪਹੁੰਚਿਆ ਤਾਂ ਮੈਂ ਮੁਆਫ਼ੀ ਮੰਗਦਾ ਹਾਂ।''

DIsha

This news is Content Editor DIsha