ਤੇਲੰਗਾਨਾ ’ਚ ਮੌਕੇ ਦੇਖ ਰਹੀ ਭਾਜਪਾ

05/11/2022 12:14:51 PM

ਨਵੀਂ ਦਿੱਲੀ– 2023 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਤੇਲੰਗਾਨਾ ਵਿਚ ਆਪਣੇ ਲਈ ਮੌਕੇ ਦੇਖ ਰਹੀ ਹੈ। ਇਹੀ ਕਾਰਨ ਹੈ ਕਿ ਉਸ ਨੇ ਸਾਰੀਆਂ ਪਾਰਟੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਹਾਲਾਂਕਿ 2018 ਵਿਚ ਭਾਜਪਾ ਨੂੰ ਸਿਰਫ 7 ਫੀਸਦੀ ਵੋਟਾਂ ਮਿਲੀਆਂ ਸਨ ਅਤੇ ਉਹ 119 ਮੈਂਬਰਾਂ ਦੀ ਵਿਧਾਨ ਸਭਾ ਵਿਚ ਸਿਰਫ ਇਕ ਸੀਟ ਜਿੱਤ ਸਕੀ ਸੀ ਪਰ ਹੁਣ ਉਹ 2 ਚੋਣਾਂ ਦੇ ਨਤੀਜਿਆਂ ਤੋਂ ਉਤਸ਼ਾਹਤ ਹੈ, ਜਿਸ ਵਿਚ ਉਸ ਨੇ ਸੱਤਾਧਾਰੀ ਟੀ. ਆਰ. ਐੱਸ. ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ।

ਇਸ ਤੋਂ ਇਲਾਵਾ ਹੈਦਰਾਬਾਦ ਨਗਰ ਨਿਗਮ ਦੀਆਂ ਚੋਣਾਂ ਵਿਚ ਵੀ ਭਾਜਪਾ ਕਾਂਗਰਸ ਨੂੰ ਤੀਜੇ ਨੰਬਰ ’ਤੇ ਸਰਕਾ ਕੇ ਖੁਦ ਦੂਜੇ ਨੰਬਰ ’ਤੇ ਕਾਬਿਜ਼ ਹੋਈ। ਭਾਜਪਾ ਦੀ ਹਮਲਾਵਰ ਪ੍ਰਚਾਰ ਨੀਤੀ ਦੇ ਹਿੱਸੇ ਦੇ ਰੂਪ ਵਿਚ ਅਮਿਤ ਸ਼ਾਹ 14 ਮਈ ਨੂੰ ਤੇਲੰਗਾਨਾ ਦਾ ਦੌਰਾ ਕਰ ਰਹੇ ਹਨ ਅਤੇ ਉਸ ਤੋਂ ਬਾਅਦ ਵਾਰੀ-ਵਾਰੀ ਨਾਲ ਸਾਰੇ ਕੇਂਦਰੀ ਮੰਤਰੀ ਵੀ ਤੇਲੰਗਾਨਾ ਦਾ ਦੌਰਾ ਕਰਨਗੇ। ਭਾਜਪਾ ਵਲੋਂ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਖਿਲਾਫ ਹਮਲਾਵਰ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਥੋਂ ਤੱਕ ਕਿ ਚਿੰਤਤ ਮੁੱਖ ਮੰਤਰੀ ਚੋਣਾਂ ਨੂੰ ਇਕ ਸਾਲ ਪਹਿਲਾਂ ਕਰਵਾਉਣ ’ਤੇ ਵੀ ਵਿਚਾਰ ਕਰ ਰਹੇ ਹਨ।

ਜੇਕਰ ਭਾਜਪਾ ਇਸ ਸਾਲ ਦੇ ਅਖੀਰ ਵਿਚ ਗੁਜਰਾਤ ਅਤੇ ਹਿਮਾਚਲ ਵਿਚ ਮੁੜ ਜਿੱਤ ਹਾਸਲ ਕਰ ਲੈਦੀ ਹੈ ਤਾਂ ਕੇ. ਸੀ. ਆਰ. ਲਈ ਭਾਜਪਾ ਦਾ ਸਾਹਮਣਾ ਕਰਨਾ ਮੁਸ਼ਕਲ ਹੋ ਜਾਵੇਗਾ। ਵਿਰੋਧੀ ਧਿਰ ਨੂੰ ਇਕਜੁੱਟ ਕਰਨ ਦੇ ਕੇ. ਸੀ. ਆਰ. ਦੇ ਯਤਨ ਤੇਲੰਗਾਨਾ ਵਿਚ ਭਾਜਪਾ ਦੇ ਵਧਦੇ ਪ੍ਰਭਾਵ ਦਾ ਹੀ ਨਤੀਜਾ ਹੈ। ਹੁਣ ਰਾਹੁਲ ਗਾਂਧੀ ਵੀ ਜਾਗ ਪਏ ਹਨ ਅਤੇ ਸੂਬੇ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਹਨ ਪਰ ਇਸ ਪਾਸੇ ਕਿਸੇ ਦਾ ਧਿਆਨ ਨਹੀਂ ਹੈ।

Rakesh

This news is Content Editor Rakesh