ਬਿਹਾਰ ਵਿਧਾਨ ਸਭਾ ਮਾਰਚ ’ਚ ਲਾਠੀਚਾਰਜ ਦੌਰਾਨ ਭਾਜਪਾ ਆਗੂ ਵਿਜੇ ਦੀ ਮੌਤ

07/14/2023 10:24:51 AM

ਪਟਨਾ (ਭਾਸ਼ਾ)- ਬਿਹਾਰ ਵਿਚ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਦੇ ਇਕ ਨੇਤਾ ਦੀ ਵੀਰਵਾਰ ਨੂੰ ਨਿਤੀਸ਼ ਕੁਮਾਰ ਸਰਕਾਰ ਦੇ ਖ਼ਿਲਾਫ਼ ਇਕ ‘ਅਸੈਂਬਲੀ ਮਾਰਚ’ ਵਿਚ ਹਿੱਸਾ ਲੈਣ ਦੌਰਾਨ ਮੌਤ ਹੋ ਗਈ, ਜਿਸ ਤੋਂ ਬਾਅਦ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਦੋਸ਼ ਲਾਇਆ ਕਿ ਉਸ ਦੀ ਮੌਤ ‘ਬੇਰਹਿਮੀ’ ਨਾਲ ਕੀਤੇ ਲਾਠੀਚਾਰਜ ਨਾਲ ਹੋਈ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਪੱਤਰਕਾਰਾਂ ਨੂੰ ਕਿਹਾ ਕਿ ਪਾਰਟੀ ਦੇ ਜਹਾਨਾਬਾਦ ਜ਼ਿਲ੍ਹੇ ਦੇ ਜਨਰਲ ਸਕੱਤਰ ਵਿਜੇ ਸਿੰਘ ਦੀ ਮੌਤ ਇਕ ਕੁਰਬਾਨੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਸ ਤੋਂ ਇਲਾਵਾ ਸੂਬੇ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਆਪਣੀ ਆਵਾਜ਼ ਦਿੰਦੇ ਹੋਏ ਹਜ਼ਾਰਾਂ ਭਾਜਪਾ ਵਰਕਰ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚੋਂ ਕੁਝ ਗੰਭੀਰ ਹਨ। ਜ਼ਖ਼ਮੀਆਂ ਵਿਚ ਕਈ ਔਰਤਾਂ, ਸੰਸਦ ਮੈਂਬਰ ਅਤੇ ਰਾਜ ਵਿਧਾਨ ਸਭਾ ਦੇ ਮੈਂਬਰ ਸ਼ਾਮਲ ਹਨ।

ਪਟਨਾ ਮੈਡੀਕਲ ਕਾਲਜ ਹਸਪਤਾਲ ਦੇ ਸੁਪਰਡੈਂਟ ਆਈ. ਐੱਸ. ਠਾਕੁਰ ਨੇ ਦੱਸਿਆ ਕਿ ਸਿੰਘ ਨੂੰ ਇਲਾਜ ਲਈ ਬੇਹੋਸ਼ੀ ਦੀ ਹਾਲਤ ’ਚ ਉਨ੍ਹਾਂ ਦੇ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਨੂੰ ਆਈ. ਸੀ. ਯੂ. ਵਿਚ ਰੱਖਿਆ ਗਿਆ ਸੀ , ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ, ਪਟਨਾ ਜ਼ਿਲਾ ਪ੍ਰਸ਼ਾਸਨ ਨੇ ਕਿਹਾ ਕਿ ਜਹਾਨਾਬਾਦ ਦਾ ਰਹਿਣ ਵਾਲਾ ਇਕ ਵਿਅਕਤੀ ਵਿਜੇ ਸਿੰਘ ਛੱਜੂ ਬਾਗ ਵਿਚ ਸੜਕ ਕਿਨਾਰੇ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਸੀ। ਸਰੀਰ ’ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ। ਮਹਾਰਾਜਗੰਜ ਤੋਂ ਲੋਕ ਸਭਾ ਮੈਂਬਰ ਜਨਾਰਦਨ ਸਿੰਘ ਸਿਗਰੀਵਾਲ ਨੇ ਪੱਤਰਕਾਰਾਂ ਨੂੰ ਆਪਣੇ ਸਿਰ ’ਤੇ ਲੱਗਾ ਜ਼ਖਮ ਦਿਖਾਇਆ ਅਤੇ ਸਥਾਨਕ ਭਾਸ਼ਾ ’ਚ ਕਿਹਾ ਕਿ ‘ਕਪਾਰ ਫੋੜ ਦੀਆ।’ (ਮੇਰੇ ਸਿਰ ’ਚ ਸੱਟ ਲੱਗੀ ਹੈ ਅਤੇ ਖੂਨ ਵੱਗ ਰਿਹਾ ਹੈ।)

ਨੱਡਾ ਨੇ ਕਿਹਾ- ਨੈਤਿਕਤਾ ਭੁੱਲੇ ਨਿਤੀਸ਼ ਕੁਮਾਰ

ਮਾਮਲੇ ਵਿਚ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੇ ਨਿਤੀਸ਼ ਸਰਕਾਰ ਨੂੰ ਘੇਰਿਆ ਹੈ। ਨੱਡਾ ਨੇ ਟਵੀਟ ਕੀਤਾ ਕਿ ਪਟਨਾ ’ਚ ਭਾਜਪਾ ਵਰਕਰਾਂ ’ਤੇ ਲਾਠੀਚਾਰਜ ਸੂਬਾ ਸਰਕਾਰ ਦੀ ਅਸਫਲਤਾ ਅਤੇ ਗੁੱਸੇ ਦਾ ਨਤੀਜਾ ਹੈ। ਮਹਾਂ ਗਠਜੋੜ ਸਰਕਾਰ ਭ੍ਰਿਸ਼ਟਾਚਾਰ ਦੇ ਗੜ੍ਹ ਨੂੰ ਬਚਾਉਣ ਲਈ ਲੋਕਤੰਤਰ ’ਤੇ ਹਮਲਾ ਕਰ ਰਹੀ ਹੈ, ਜਿਸ ਵਿਅਕਤੀ ਵਿਰੁੱਧ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ, ਉਸ ਨੂੰ ਬਚਾਉਣ ਲਈ ਬਿਹਾਰ ਦੇ ਮੁੱਖ ਮੰਤਰੀ ਆਪਣੀ ਨੈਤਿਕਤਾ ਵੀ ਭੁੱਲ ਗਏ ਹਨ। ਜ਼ਖਮੀ ਭਾਜਪਾ ਆਗੂ ਵਿਜੇ ਕੁਮਾਰ ਸਿੰਘ ਦੀ ਬਾਅਦ ਵਿਚ ਮੌਤ ਹੋ ਗਈ।

DIsha

This news is Content Editor DIsha