ਚੋਣ ਕਮਿਸ਼ਨ ਕੋਲ ਪਹੁੰਚੀ ਭਾਜਪਾ, ਪ੍ਰਿਯੰਕਾ ਗਾਂਧੀ ਵਿਰੁੱਧ ਕਾਰਵਾਈ ਦੀ ਮੰਗ

10/26/2023 12:55:55 PM

ਨਵੀਂ ਦਿੱਲੀ, (ਭਾਸ਼ਾ)- ਭਾਰਤੀ ਜਨਤਾ ਪਾਰਟੀ ਨੇ ਰਾਜਸਥਾਨ ਵਿੱਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੀ ਨੇਤਰੀ ਪ੍ਰਿਯੰਕਾ ਗਾਂਧੀ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੱਜੀ ਧਾਰਮਿਕ ਆਸਥਾ ਦਾ ਜ਼ਿਕਰ ਕਰਨ ਦਾ ਦੋਸ਼ ਲਾਉਂਦਿਆਂ ਬੁੱਧਵਾਰ ਚੋਣ ਕਮਿਸ਼ਨ ਕੋਲ ਪਹੁੰਚ ਕਰ ਕੇ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ।

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਅਰਜੁਨ ਰਾਮ ਮੇਘਵਾਲ, ਪਾਰਟੀ ਨੇਤਾਵਾਂ ਅਨਿਲ ਬਲੂਨੀ ਅਤੇ ਓਮ ਪਾਠਕ ਸਮੇਤ ਭਾਜਪਾ ਦੇ ਇੱਕ ਵਫ਼ਦ ਨੇ ਪ੍ਰਿਯੰਕਾ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਚੋਣ ਕਮਿਸ਼ਨ ਨੂੰ ਸ਼ਿਕਾਇਤ ਸੌਂਪੀ।

ਭਾਜਪਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਪ੍ਰਿਯੰਕਾ ਨੇ 20 ਅਕਤੂਬਰ ਨੂੰ ਦੋਸਾ ਵਿੱਚ ਇੱਕ ਜਨਤਕ ਮੀਟਿੰਗ ਵਿੱਚ ਕਿਹਾ ਸੀ ਕਿ ਉਸ ਨੇ ਟੀ.ਵੀ. ’ਤੇ ਵੇਖਿਆ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਇੱਕ ਮੰਦਰ ਨੂੰ ਦਿੱਤੇ ਦਾਨ ਦਾ ਲਿਫਾਫਾ ਖੋਲ੍ਹਿਆ ਗਿਆ ਤਾਂ ਉਸ ਵਿਚ ਸਿਰਫ 21 ਰੁਪਏ ਸਨ।

ਭਾਜਪਾ ਮੁਤਾਬਕ ਪ੍ਰਿਯੰਕਾ ਨੇ ਕਿਹਾ ਕਿ ਉਸ ਨੇ ਖਬਰ ਵੇਖੀ ਹੈ ਪਰ ਉਸ ਨੂੰ ਨਹੀਂ ਪਤਾ ਕਿ ਦਾਅਵਾ ਸੱਚ ਹੈ ਜਾਂ ਨਹੀਂ। ਇਸ ਤੋਂ ਬਾਅਦ ਪ੍ਰਿਯੰਕਾ ਨੇ ਭਾਜਪਾ ’ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਲੋਕਾਂ ਨੂੰ ਲਿਫਾਫੇ ਵਿਖਾਉਂਦੀ ਹੈ। ਚੋਣਾਂ ਤੋਂ ਬਾਅਦ ਲੋਕਾਂ ਨੂੰ ਉਸ ’ਚੋਂ ਕੁਝ ਨਹੀਂ ਮਿਲਦਾ। ਭਾਜਪਾ ਨੇ ਆਪਣੀ ਸ਼ਿਕਾਇਤ ’ਚ ਉਨ੍ਹਾਂ ਦੀ ਟਿੱਪਣੀ ਦਾ ਵੀਡੀਓ ਵੀ ਸ਼ਾਮਲ ਕੀਤਾ ਹੈ।

ਕਾਂਗਰਸ ਨੇ ਵੀ ਕੀਤੀ ਸ਼ਾਹ ਤੇ ਸਰਮਾ ਦੀ ਸ਼ਿਕਾਇਤ

ਕਾਂਗਰਸ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਖਿਲਾਫ ਬੁੱਧਵਾਰ ਨੂੰ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਅਤੇ ਦੋਸ਼ ਲਾਇਆ ਕਿ ਭਾਜਪਾ ਦੇ ਦੋਵਾਂ ਨੇਤਾਵਾਂ ਨੇ ਛੱਤੀਸਗੜ੍ਹ ਵਿਚ ਚੋਣ ਸਭਾ ਦੌਰਾਨ ਸਮਾਜ ਦੇ ਕੁਝ ਵਰਗਾਂ ਨੂੰ ਇਕ-ਦੂਜੇ ਖਿਲਾਫ ਭੜਕਾਉਣ ਦੀ ਨੀਅਤ ਨਾਲ ਬਿਆਨ ਦਿੱਤੇ, ਜੋ ਜ਼ਾਬਤੇ ਦੀ ਸਪੱਸ਼ਟ ਉਲੰਘਣਾ ਹੈ।

ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਮੁਤਾਬਕ ਪਾਰਟੀ ਦੇ ਇਕ ਵਫਦ ਨੇ ਕਮਿਸ਼ਨ ਦੇ ਸਾਹਮਣੇ ਛੱਤੀਸਗੜ੍ਹ, ਤੇਲੰਗਾਨਾ ਤੇ ਮੱਧ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿਚ ਮੈਮੋਰੰਡਮ ਸੌਂਪੇ, ਜਿਨ੍ਹਾਂ ਵਿਚ ਵੱਖ-ਵੱਖ ਮੁੱਦਿਆਂ ’ਤੇ 8 ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਇਸ ਵਫਦ ਵਿਚ ਰਮੇਸ਼ ਤੋਂ ਇਲਾਵਾ ਸੀਨੀਅਰ ਨੇਤਾ ਸਲਮਾਨ ਖੁਰਸ਼ੀਦ, ਤੇਲੰਗਾਨਾ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਰੇਵੰਤ ਰੈੱਡੀ ਤੇ ਕੁਝ ਹੋਰ ਨੇਤਾ ਸ਼ਾਮਲ ਸਨ।

Rakesh

This news is Content Editor Rakesh