ਲਿਫਾਫੇ ਵਾਲੇ ਬਿਆਨ ’ਤੇ ਭੜਕੀ ਭਾਜਪਾ, ਕਰ ਦਿੱਤਾ ਮੇਰੇ ’ਤੇ ਮੁਕੱਦਮਾ ਦਰਜ : ਪ੍ਰਿਯੰਕਾ

10/26/2023 7:56:16 PM

ਨਵੀਂ ਦਿੱਲੀ (ਯੂ. ਐੱਨ. ਆਈ.)- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਵਨਾਰਾਇਣ ਮੰਦਰ ’ਚ ਲਿਫਾਫੇ ’ਚ 21 ਰੁਪਏ ਦੇ ਚੜ੍ਹਾਵੇ ਸਬੰਧੀ ਬਿਆਨ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਾਲੇ ਇੰਨੇ ਭੜਕੇ ਹਨ ਕਿ ਇਸ ਗੱਲ ’ਤੇ ਉਨ੍ਹਾਂ ਨੇ ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਹੈ। ਸ਼੍ਰੀਮਤੀ ਵਾਡਰਾ ਨੇ ਵੀਰਵਾਰ ਨੂੰ ਖੁਦ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੇਰੀ ਇਕ ਗੱਲ ’ਤੇ ਭਾਜਪਾ ਵਾਲੇ ਇੰਨੇ ਭੜਕ ਗਏ ਕਿ ਮੇਰੇ ’ਤੇ ਕੇਸ ਠੋਕ ਦਿੱਤਾ। 

ਉਨ੍ਹਾਂ ਨੇ ਆਪਣੇ ਬਿਆਨ ’ਤੇ ਸਫਾਈ ਦਿੰਦੇ ਹੋਏ ਕਿਹਾ ਕਿ ਮੈਂ ਤਾਂ ਇਹ ਕਿਹਾ ਸੀ ਕਿ ਮੈਂ ਟੀ. ਵੀ. ’ਤੇ ਦੇਖਿਆ-ਪ੍ਰਧਾਨ ਮੰਤਰੀ ਜੀ ਦੇਵਨਾਰਾਇਣ ਜੀ ਦੇ ਮੰਦਰ ਵਿਚ ਲਿਫਾਫਾ ਪਾ ਕੇ ਆਏ ਹਨ। ਲਿਫਾਫਾ ਖੋਲ੍ਹਿਆ ਗਿਆ ਤਾਂ ਉਸ ਵਿਚ 21 ਰੁਪਏ ਨਿਕਲੇ। ਉਨ੍ਹਾਂ ਕਿਹਾ ਕਿ ਇਹ ਜੋ ਕੰਮ ਕਰਦੇ ਹਨ ਉਸ ਤੋਂ ਵੀ ਇਹੋ ਦਿਖ ਰਿਹਾ ਹੈ ਕਿ ਮੋਦੀ ਜੀ ਦਾ ਲਿਫਾਫਾ ਖਾਲੀ ਹੈ। ਮਹਿਲਾ ਰਾਖਵਾਂਕਰਨ, ਓ. ਬੀ. ਸੀ. ਜਾਤੀ ਮਰਦਮਸ਼ੁਮਾਰੀ, ਈ. ਆਰ. ਸੀ. ਪੀ. ਸਾਰੇ ਖੋਖਲੇ ਵਾਅਦੇ ਹਨ ਕਿਉਂਕਿ ਮੋਦੀ ਜੀ ਦਾ ਲਿਫਾਫਾ ਖਾਲੀ ਹੈ।

ਕਾਂਗਰਸ ਜਨਰਲ ਸਕੱਤਰ ਦੇ ਇਸ ਬਿਆਨ ’ਤੇ ਭਾਜਪਾ ਨੇ ਚੋਣ ਕਮਿਸ਼ਨ ਵਿਚ ਵੀ ਧਾਰਮਿਕ ਭਾਵਨਾ ਭੜਕਾਉਣ ਅਤੇ ਝੂਠ ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕੀਤੀ ਹੈ। ਲਿਫਾਫੇ ਦਾ ਮਾਮਲਾ ਰਾਜਸਥਾਨ ਅਤੇ ਭੀਲਵਾੜਾ ਦਾ ਹੈ ਜਿਥੇ ਮਾਲਾਸੇਰੀ ਵਿਚ ਸ਼੍ਰੀ ਮੋਦੀ ਆਪਣੇ ਦੌਰੇ ਦੌਰਾਨ ਗੁੱਜਰ ਸਮਾਜ ਦੇ ਦੇਵਤਾ ਭਗਵਾਨ ਦੇਵਨਾਰਾਇਣ ਮੰਦਰ ਗਏ ਸਨ ਪਰ ਮੰਦਰ ਦੇ ਪੁਜਾਰੀ ਨੇ ਕਥਿਤ ਵੀਡੀਓ ਜਾਰੀ ਕਰ ਕੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨੇ ਦਾਨ ਪਾਤਰ ਵਿਚ ਜੋ ਲਿਫਾਫਾ ਪਾਇਆ ਉਸ ਵਿਚੋਂ 21 ਰੁਪਏ ਨਿਕਲੇ। ਇਸਨੂੰ ਲੈ ਕੇ ਸ਼੍ਰੀਮਤੀ ਵਾਡਰਾ ਪ੍ਰਧਾਨ ਮੰਤਰੀ ’ਤੇ ਹਮਲਾ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਪੁਜਾਰੀ ਦੇ ਬਿਆਨ ਗਲਤ ਦੱਸਦੇ ਹੋਏ ਇਕ ਵੀਡੀਓ ਜਾਰੀ ਕਰ ਚੁੱਕੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸ਼੍ਰੀ ਮੋਦੀ ਨੇ ਲਿਫਾਫਾ ਨਹੀਂ ਸਗੋਂ ਨੋਟ ਪਾਏ ਸਨ।

Rakesh

This news is Content Editor Rakesh