ਸਮਾਜਵਾਦੀ ਪਾਰਟੀ ਦੇ ਗੜ੍ਹ ਅਤੇ ਮੁਸਲਿਮ ਬਹੁਗਿਣਤੀ ਸੀਟਾਂ ’ਤੇ ਆਖਰ ਕਿਵੇਂ ਜਿੱਤ ਰਹੀ ਹੈ ਭਾਜਪਾ?

06/29/2022 12:14:11 PM

ਨਵੀਂ ਦਿੱਲੀ– 50 ਫੀਸਦੀ ਤੋਂ ਵੱਧ ਮੁਸਲਿਮ ਆਬਾਦੀ ਵਾਲੇ ਰਾਮਪੁਰ ਅਤੇ 40 ਫੀਸਦੀ ਤੋਂ ਵੱਧ ਮੁਸਲਿਮ ਯਾਦਵ ਆਬਾਦੀ ਵਾਲੇ ਆਜ਼ਮਗੜ੍ਹ ’ਚ ਹੋਈਆਂ ਲੋਕ ਸਭਾ ਦੀਆਂ ਉਪ-ਚੋਣਾਂ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਵੱਡੀ ਤਬਦੀਲੀ ਦਾ ਸੰਕੇਤ ਦੇ ਰਹੀ ਹੈ। ਜੇ ਚੋਣ ਸਰਵੇਖਣ ਏਜੰਸੀਆਂ ਨੇ ਭਾਜਪਾ ਲਈ ਸਭ ਤੋਂ ਮੁਸ਼ਕਲ ਭਾਵ ਅਸੰਭਵ ਜਿੱਤ ਵਾਲੀਆਂ ਸੀਟਾਂ ਦੀ ਗੱਲ ਕੀਤੀ ਹੁੰਦੀ ਤਾਂ ਸ਼ਾਇਦ ਰਾਮਪੁਰ ਅਤੇ ਆਜ਼ਮਗੜ੍ਹ ਚੋਟੀ ’ਤੇ ਹੁੰਦੇ। ਉਨ੍ਹਾਂ ਦੀ ਆਬਾਦੀ ਨੇ ਇੱਥੇ ਸਮਾਜਵਾਦੀ ਪਾਰਟੀ ਦੀ ਸਥਿਤੀ ਲੰਬੇ ਸਮੇਂ ਤਕ ਮਜ਼ਬੂਤ ​​ਬਣਾਈ ਰੱਖੀ। ਇਹੀ ਕਾਰਨ ਸੀ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਮੁਲਾਇਮ ਸਿੰਘ ਯਾਦਵ ਅਤੇ 2019 ਵਿਚ ਅਖਿਲੇਸ਼ ਯਾਦਵ ਆਜ਼ਮਗੜ੍ਹ ਤੋਂ ਜਿੱਤੇ ਸਨ। ਅਜਿਹੇ ’ਚ ਸਵਾਲ ਉੱਠਦਾ ਹੈ ਕਿ ਇਸ ਉਪ-ਚੋਣ ’ਚ ਅਜਿਹਾ ਕੀ ਹੋਇਆ ਕਿ ਸਪਾ ਦਾ ਸਾਰਾ ਗਣਿਤ ਹੀ ਗੜਬੜਾ ਗਿਆ? ‘ਦਿ ਨਿਊ ਬੀ. ਜੇ. ਪੀ.’ ਨਾਂ ਦੀ ਕਿਤਾਬ ਲਿਖਣ ਵਾਲੇ ਲੇਖਕ ਨਲਿਨ ਮਹਿਤਾ ਨੇ ਉਪ-ਚੋਣਾਂ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਉਹ ਲਿਖਦੇ ਹਨ ਕਿ 3 ਮਹੀਨੇ ਪਹਿਲਾਂ ਜਦੋਂ ਯੋਗੀ ਆਦਿਤਿਆਨਾਥ ਮੁੱਖ ਮੰਤਰੀ ਬਣੇ ਸਨ, ਉਦੋਂ ਵੀ ਸਪਾ ਨੇ ਆਜ਼ਮਗੜ੍ਹ ਦੀਆਂ ਸਾਰੀਆਂ 10 ਵਿਧਾਨ ਸਭਾ ਸੀਟਾਂ ਜਿੱਤੀਆਂ ਸਨ ਪਰ ‘ਲਾਲ ਟੋਪੀ’ ਦੇ ਇਸ ਗੜ੍ਹ ਵਿਚ ਭਾਜਪਾ ਨੇ ਹੁਣ ਕਮਲ ਖਿੜਾ ਦਿੱਤਾ ਹੈ। ਬੁਲਡੋਜ਼ਰ ਪਾਲੀਟਿਕਸ, ਭਾਰਤੀ ਧਰਮ ਨਿਰਪੱਖਤਾ ਦੇ ਭਵਿੱਖ ਬਾਰੇ ਹੁੰਦੀਆਂ ਚਰਚਾਵਾਂ ਅਤੇ ਵਿਰੋਧੀਆਂ ਦੇ ‘ਜ਼ਹਿਰੀਲੇ ਬਹੁਗਿਣਤੀਵਾਦ’ ਦੀਆਂ ਗੱਲਾਂ ਵਿਚਕਾਰ ਇਨ੍ਹਾਂ ਚੋਣ ਨਤੀਜਿਆਂ ਦਾ ਕੀ ਅਰਥ ਹੈ?

ਅਸਲ ’ਚ ਮੁਸਲਮਾਨਾਂ ਦੇ ਪ੍ਰਭਾਵ ਵਾਲੀਆਂ ਸੀਟਾਂ ’ਤੇ ਭਗਵਾ ਪਾਰਟੀ ਦੀ ਜਿੱਤ 2014 ਤੋਂ ਬਦਲਦੇ ਪੈਟਰਨ ਦਾ ਹਿੱਸਾ ਜਾਪਦੀ ਹੈ। ਚੋਣ ਨਜ਼ਰੀਏ ਤੋਂ ਦੇਖੀਏ ਤਾਂ 2014 ਤੋਂ ਕਿਸੇ ਵੀ ਕੌਮੀ ਜਾਂ ਸੂਬਾ ਚੋਣ ਵਿਚ ਇਕ ਵੀ ਮੁਸਲਿਮ ਉਮੀਦਵਾਰ ਨੂੰ ਮੈਦਾਨ ਵਿਚ ਨਾ ਉਤਾਰਨ ਦੇ ਭਾਜਪਾ ਦੇ ਫੈਸਲੇ ਦੇ ਸਪਸ਼ਟ ਮਾਇਨੇ ਕੱਢੇ ਜਾਂਦੇ ਰਹੇ ਹਨ। ਆਲੋਚਕ ਇਹ ਕਹਿ ਕੇ ਇਸ ਨੀਤੀ ਦੀ ਵਿਆਖਿਆ ਕਰਦੇ ਹਨ ਕਿ ਮੁਸਲਿਮ ਵੋਟਰਾਂ ਲਈ ਇਹ ਇਕ ਸੰਕੇਤ ਹੈ ਕਿ ਉਹ ਉਨ੍ਹਾਂ ਦੀ ਤਕਦੀਰ ਨੂੰ ਪ੍ਰਭਾਵਿਤ ਨਹੀਂ ਕਰਦੇ। ਇਹ ਬਿਲਕੁਲ ਇੰਝ ਹੋਇਆ ਜਿਵੇਂ ਸਾਨੂੰ ਤੁਹਾਡੀ ਲੋੜ ਹੀ ਨਹੀਂ ਹੈ।

ਨਲਿਨ ਲਿਖਦੇ ਹਨ ਕਿ 2014 ਤੋਂ ਭਾਜਪਾ ਖਾਸ ਤੌਰ ’ਤੇ ਯੂ. ਪੀ. ਅਤੇ ਹੋਰ ਹਿੰਦੀ ਭਾਸ਼ੀ ਇਲਾਕਿਆਂ ’ਚ ਜ਼ਿਆਦਾ ਮੁਸਲਿਮ ਆਬਾਦੀ ਵਾਲੀਆਂ ਸੀਟਾਂ ਜਿੱਤ ਰਹੀ ਹੈ। 2009 ਤੋਂ 2019 ਤਕ ਦੀਆਂ ਲੋਕ ਸਭਾ ਚੋਣਾਂ ’ਤੇ ਨਜ਼ਰ ਮਾਰੀਏ ਤਾਂ ਹਿੰਦੀ ਭਾਸ਼ੀ ਇਲਾਕਿਆਂ ’ਚ ਜਿੱਥੇ ਮੁਸਲਿਮ ਆਬਾਦੀ ਜ਼ਿਆਦਾ ਸੀ, ਉੱਥੇ 2009 ਵਿਚ ਭਾਜਪਾ ਨੂੰ 1 ਸੀਟ ਮਿਲੀ ਸੀ। ਭਗਵਾ ਪਾਰਟੀ ਨੇ 2014 ਵਿਚ 9 ਅਤੇ 2019 ਵਿਚ 13 ਸੀਟਾਂ ਜਿੱਤੀਆਂ ਸਨ। ਜੇ ਯੂ. ਪੀ. ਦੀ ਗੱਲ ਕਰੀਏ ਤਾਂ 2009 ਦੀਆਂ ਚੋਣਾਂ ਵਿਚ ਭਾਜਪਾ ਮੁਸਲਿਮ ਪ੍ਰਭਾਵ ਵਾਲੀ ਕੋਈ ਵੀ ਸੀਟ ਨਹੀਂ ਜਿੱਤ ਸਕੀ ਸੀ ਪਰ 2014 ਵਿਚ 8 ਸੀਟਾਂ ਅਤੇ 2019 ਵਿਚ 11 ਸੀਟਾਂ ’ਤੇ ਕਮਲ ਖਿੜਿਆ ਸੀ।

ਕੀ ਮੁਸਲਮਾਨਾਂ ਨੇ ਭਾਜਪਾ ਨੂੰ ਦਿੱਤਾ ਸਮਰਥਨ?
ਨਲਿਨ ਮਹਿਤਾ ਸਪੱਸ਼ਟ ਕਹਿੰਦੇ ਹਨ ਕਿ ਇਹ ਜਿੱਤ ਇਸ ਲਈ ਨਹੀਂ ਮਿਲੀ ਕਿਉਂਕਿ ਭਾਜਪਾ ਨੂੰ ਮੁਸਲਮਾਨਾਂ ਦੀ ਭਾਰੀ ਹਮਾਇਤ ਮਿਲੀ ਸੀ, ਸਗੋਂ ਹਿੰਦੂਆਂ ਦੀ ਵੋਟ ਇਨ੍ਹਾਂ ਖੇਤਰਾਂ ਵਿਚ ਲਾਮਬੱਧ ਹੋ ਗਈ ਸੀ। ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਇਨ੍ਹਾਂ ਹਲਕਿਆਂ ’ਚ ਵਿਰੋਧੀ ਪਾਰਟੀਆਂ ਮੁਸਲਮਾਨ ਉਮੀਦਵਾਰ ਨੂੰ ਹੀ ਮੈਦਾਨ ’ਚ ਉਤਾਰਦੀਆਂ ਹਨ, ਜਦੋਂਕਿ ਭਾਜਪਾ ਨੇ ਹਿੰਦੂ ਉਮੀਦਵਾਰ ਨੂੰ ਖੜ੍ਹਾ ਕੀਤਾ। ਇਸ ਦਾ ਫਾਇਦਾ ਇਹ ਹੋਇਆ ਕਿ ਹਿੰਦੂ ਵੋਟ ਇਕਪਾਸੜ ਹੋ ਗਈ।

ਤਾਂ 2024 ’ਚ ਵੀ ਅਜਿਹਾ ਹੀ ਹੋਵੇਗਾ!
ਨਲਿਨ ਦਾ ਕਹਿਣਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਮਾਇਆਵਤੀ ਦੀ ਵੋਟ ’ਚ ਕਮੀ ਦਾ ਭਾਜਪਾ ਨੂੰ ਫਾਇਦਾ ਮਿਲਿਆ। ਉਪ-ਚੋਣਾਂ (16.5% ਵੋਟਾਂ, ਮਾਰਚ ਵਿਚ 12.9%) ਵਿਚ ਇਸ ਦੀ ਸ਼ਾਨਦਾਰ ਜਿੱਤ ਨੇ ਵਿਰੋਧੀ ਧਿਰ ਦੀਆਂ ਵੋਟਾਂ ਨੂੰ ਵੱਖ ਕਰ ਕੇ ਸਪਾ ਨੂੰ ਨੁਕਸਾਨ ਪਹੁੰਚਾਇਆ ਹੈ। ਇਕ ਪਾਸੇ ਭਾਜਪਾ ਦੀ ਸੋਸ਼ਲ ਇੰਜੀਨੀਅਰਿੰਗ ਡੂੰਘੀ ਪਕੜ ਬਣਾ ਰਹੀ ਹੈ ਤਾਂ ਦੂਜੇ ਪਾਸੇ ਹਿੰਦੀ ਹਰਟਲੈਂਡ ਵਿਚ ਵਿਰੋਧੀ ਏਕਤਾ ਦੀ ਘਾਟ ਨੇ ਮੋਦੀ ਨੂੰ ਫਾਇਦਾ ਪਹੁੰਚਾਇਆ ਹੈ। ਕੁਝ ਅਜਿਹਾ ਹੀ ਸਿਆਸੀ ਮੈਦਾਨ 2024 ਦੀ ਚੋਣ ਜੰਗ ਲਈ ਵੀ ਤਿਆਰ ਨਜ਼ਰ ਆ ਰਿਹਾ ਹੈ।

Rakesh

This news is Content Editor Rakesh