ਭਾਜਪਾ ਕੋਰ ਗਰੁੱਪ ਦੀ ਮੀਟਿੰਗ ''ਚ ਛਾਈ ਰਹੀ ਸਪਨਾ ਚੌਧਰੀ

07/13/2019 10:16:56 AM

ਨਵੀਂ ਦਿੱਲੀ— ਅਜਿਹਾ ਲੱਗਦਾ ਹੈ ਕਿ ਸਪਨਾ ਚੌਧਰੀ ਦਾ ਵਿਵਾਦਾਂ ਨਾਲ ਡੂੰਘਾ ਨਾਤਾ ਹੈ। ਕਦੇ ਉਨ੍ਹਾਂ ਦੇ ਪ੍ਰੋਗਰਾਮ 'ਚ ਗੜਬੜ ਹੋ ਜਾਂਦੀ ਹੈ। ਕਦੇ ਉਹ ਕਾਂਗਰਸ ਦੀ ਮੈਂਬਰ ਬਣਦੀ ਹੈ ਤਾਂ ਵਿਵਾਦ ਖੜ੍ਹਾ ਹੋ ਜਾਂਦਾ ਹੈ। ਫਿਰ ਭਾਜਪਾ ਪ੍ਰਧਾਨ ਦੇ ਪ੍ਰਚਾਰ ਵਿਚ ਦਿਸਦੀ ਹੈ ਤਾਂ ਨਵਾਂ ਬਖੇੜਾ। ਇਸ ਵਾਰ ਵਿਵਾਦਾਂ ਵਿਚ ਹੈ ਸਪਨਾ ਚੌਧਰੀ ਦੀ ਭਾਜਪਾ ਵਿਚ ਐਂਟਰੀ। ਕੋਰ ਗਰੁੱਪ ਵਿਚ ਭਾਜਪਾ ਸੰਸਦ ਮੈਂਬਰਾਂ ਨੇ ਉਨ੍ਹਾਂ ਦੀ ਮੈਂਬਰਸ਼ਿਪ 'ਤੇ ਇਤਰਾਜ਼ ਜਤਾਇਆ। ਕੋਰ ਗਰੁੱਪ ਵਿਚ ਮੈਂਬਰਸ਼ਿਪ ਮੁਹਿੰਮ ਦੇ ਢਿੱਲੇਪਨ ਦਾ ਮੁੱਦਾ ਵੀ ਗਰਮਾਇਆ ਰਿਹਾ।

ਸਪਨਾ ਨੂੰ ਭਾਜਪਾ ਦਾ ਮੈਂਬਰ ਬਣਾਉਣ ਦੀ ਕੀ ਜਲਦਬਾਜ਼ੀ ਸੀ
2 ਦਿਨ ਪਹਿਲਾਂ ਭਾਜਪਾ ਕੋਰ ਗਰੁੱਪ ਦੀ ਬੈਠਕ ਹੋਈ ਸੀ, ਜੋ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੀ ਪਰ ਇਸ ਵਿਚ ਸਪਨਾ ਚੌਧਰੀ ਛਾਈ ਰਹੀ। ਭਾਜਪਾ ਦੇ ਕਈ ਸੀਨੀਅਰ ਨੇਤਾਵਾਂ ਦਾ ਵਿਰੋਧ ਸੀ ਕਿ ਕੀ ਹੁਣ ਸਪਨਾ ਦੇ ਸਹਾਰੇ ਦਿੱਲੀ ਵਿਧਾਨ ਸਭਾ ਹਾਸਲ ਹੋਵੇਗੀ? ਕੀ ਉਹ ਦੇਸ਼ ਭਗਤੀ ਦੇ ਗੀਤ ਗਾਉਂਦੀ ਹੈ। ਉਹ ਕੋਈ ਅਜਿਹਾ ਚਿਹਰਾ ਨਹੀਂ ਹੈ, ਜਿਸ ਨਾਲ ਪਾਰਟੀ ਨੂੰ ਦਿੱਲੀ ਵਿਚ ਬਹੁਤ ਲਾਭ ਮਿਲ ਜਾਏ। ਆਖਿਰ ਉਸ ਨੂੰ ਭਾਜਪਾ ਦਾ ਮੈਂਬਰ ਬਣਾਉਣ ਦੀ ਕੀ ਜਲਦਬਾਜ਼ੀ ਸੀ।

ਕੀ ਕਾਰਨ ਹੈ ਕਿ ਮਨੋਜ ਤਿਵਾੜੀ ਸੁਪਨਾ ਨੂੰ ਦੇ ਰਹੇ ਇੰਨਾ ਮਹੱਤਵ
ਸਿਰਫ ਇੰਨਾ ਹੀ ਨਹੀਂ, ਇਹ ਵੀ ਕਿਹਾ ਗਿਆ ਹੈ ਕਿ ਆਖਰ ਕੀ ਕਾਰਣ ਹੈ ਕਿ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਲੋਕ ਸਭਾ ਚੋਣਾਂ ਤੋਂ ਹੀ ਸਪਨਾ ਚੌਧਰੀ ਨੂੰ ਇੰਨਾ ਮਹੱਤਵ ਦੇ ਰਹੇ ਹਨ। ਕਦੇ ਉਹ ਉਸ ਦੇ ਨਾਲ ਸੈਲਫੀ ਜਾਰੀ ਕਰਦੇ ਹਨ ਤਾਂ ਕਦੇ ਫੋਟੋ। ਕੀ ਸਪਨਾ ਚੌਧਰੀ ਇੰਨੀ ਵੱਡੀ ਕਲਾਕਾਰ ਹੈ ਕਿ ਪੂਰੀ ਭਾਜਪਾ ਉਸ ਦੇ ਪਿੱਛੇ ਲੱਗੀ ਹੋਈ ਹੈ। ਪਹਿਲਾਂ ਤਾਂ ਉਸ ਨੂੰ ਮੈਂਬਰ ਬਣਾਇਆ ਗਿਆ, ਫਿਰ ਅਗਲੇ ਦਿਨ ਪ੍ਰੈੱਸ ਕਾਨਫਰੰਸ। ਕੀ ਭਾਜਪਾ ਜਿੰਨੇ ਵੀ ਲੋਕਾਂ ਨੂੰ ਆਪਣਾ ਮੈਂਬਰ ਬਣਾਉਂਦੀ ਹੈ, ਉਨ੍ਹਾਂ ਦੀ ਪ੍ਰੈੱਸ ਕਾਨਫਰੰਸ ਆਯੋਜਿਤ ਕੀਤੀ ਜਾਏਗੀ।

ਸਪਨਾ ਦੇ ਚੱਕਰ 'ਚ ਹੋਰਨਾਂ ਦੀ ਐਂਟਰੀ ਪਈ ਫਿੱਕੀ
ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਸਪਨਾ ਚੌਧਰੀ ਨੂੰ ਜ਼ਿਆਦਾ ਮਹੱਤਵ ਦਿੱਤੇ ਜਾਣ 'ਤੇ ਸਭ ਤੋਂ ਵੱਧ ਇਤਰਾਜ਼ ਜਤਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਮੈਂਬਰਸ਼ਿਪ ਮੁਹਿੰਮ ਮਨਮਰਜ਼ੀ ਨਾਲ ਚੱਲੀ, ਉਹ ਗਲਤ ਹੈ। ਸਪਨਾ ਦੀ ਮੈਂਬਰਸ਼ਿਪ ਲਈ ਪਹਿਲਾਂ ਨਾ ਤਾਂ ਇੰਚਾਰਜ ਸ਼ਿਆਮ ਜਾਜੂ ਤੋਂ ਅਤੇ ਨਾ ਹੀ ਸੰਗਠਨ ਸੈਕਟਰੀ ਸਿਧਾਰਥ ਤੋਂ ਸਲਾਹ ਲਈ ਗਈ। ਪਾਰਟੀ ਵਿਚ ਗਾਉਣ ਵਜਾਉਣ ਵਾਲੇ ਪਹਿਲਾਂ ਵੀ ਬਹੁਤ ਜ਼ਿਆਦਾ ਹਨ। ਜੇਕਰ ਦਿੱਲੀ ਦੇ ਪਹਿਲੇ ਮੈਂਬਰਸ਼ਿਪ ਪ੍ਰੋਗਰਾਮ ਵਿਚ ਹਸਤੀਆਂ ਨੂੰ ਮੈਂਬਰ ਬਣਾਉਣਾ ਹੀ ਸੀ ਤਾਂ ਘੱਟੋ-ਘੱਟ ਇਕ ਹਫਤਾ ਪਹਿਲਾਂ ਦੱਸਣਾ ਚਾਹੀਦਾ ਸੀ। ਸਪਨਾ ਦੇ ਚੱਕਰ ਵਿਚ ਹੋਰਨਾਂ ਲੋਕਾਂ ਦੀ ਐਂਟਰੀ ਫਿੱਕੀ ਪੈ ਗਈ।

ਟਿਕਟ ਦੀ ਸ਼ਰਤ 'ਤੇ ਕਿਸੇ ਨੂੰ ਪਾਰਟੀ 'ਚ ਐਂਟਰੀ ਨਹੀਂ ਕਰਵਾਉਣੀ ਚਾਹੀਦੀ
ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਵਿਚ ਕਿਸੇ ਨੂੰ ਵੀ ਲਿਆਂਦਾ ਜਾਵੇ ਪਰ ਉਸ ਨੂੰ ਵਿਧਾਨ ਸਭਾ ਟਿਕਟ ਦੀ ਹਾਂ ਨਹੀਂ ਹੋਣੀ ਚਾਹੀਦੀ। ਹੁਣ ਜਦੋਂ ਪਾਰਟੀ ਦਾ ਚੰਗਾ ਸਮਾਂ ਆ ਗਿਆ ਹੈ ਤਾਂ 20-25 ਸਾਲ ਤੋਂ ਦਰੀ ਵਿਛਾਉਣ ਵਾਲੇ, ਮਿਹਨਤ ਕਰਨ ਵਾਲੇ ਪਾਰਟੀ ਵਰਕਰਾਂ ਨੂੰ ਟਿਕਟ ਮਿਲਣੀ ਚਾਹੀਦੀ ਹੈ। ਟਿਕਟ ਦੀ ਸ਼ਰਤ 'ਤੇ ਕਿਸੇ ਨੂੰ ਪਾਰਟੀ ਵਿਚ ਐਂਟਰੀ ਨਹੀਂ ਕਰਾਉਣੀ ਚਾਹੀਦੀ। ਫਿਰ ਜਿਸ ਤਰ੍ਹਾਂ ਸਪਨਾ ਦੀ ਪ੍ਰੈੱਸ ਕਾਨਫਰੰਸ ਵਿਚ ਹੋਇਆ, ਉਹ ਵੀ ਗਲਤ ਹੈ। ਪਾਰਟੀ ਨੂੰ ਇਨ੍ਹਾਂ ਗੱਲਾਂ ਦਾ ਨੋਟਿਸ ਲੈਣਾ ਹੋਵੇਗਾ। ਵਰਣਨਯੋਗ ਹੈ ਕਿ ਧੜੇਬੰਦੀ ਦੇ ਚੱਕਰ ਵਿਚ ਲੋਕ ਸਭਾ ਚੋਣਾਂ ਵਿਚ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਸਪਨਾ ਚੌਧਰੀ ਨੂੰ ਪੱਛਮੀ ਦਿੱਲੀ ਜਾਂ ਫਿਰ ਦਿੱਲੀ ਤੋਂ ਚੋਣ ਲੜਾਉਣ ਦੀ ਯੋਜਨਾ ਬਣਾਈ ਸੀ ਪਰ ਉਨ੍ਹਾਂ ਦੀ ਦਾਲ ਨਹੀਂ ਗਲੀ।

DIsha

This news is Content Editor DIsha