ਭਾਜਪਾ ਨੂੰ ਹਰਾਉਣ ਲਈ ਕਾਂਗਰਸ ਲਵੇਗੀ ਕਰੀਨਾ ਕਪੂਰ ਦਾ ਸਹਾਰਾ!

01/21/2019 12:09:09 PM

ਭੋਪਾਲ— ਕਾਂਗਰਸ ਨੇ ਲੋਕ ਸਭਾ ਚੋਣਾਂ ਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਦੇ ਕੁਝ ਕੌਂਸਲਰਾਂ ਨੇ ਭੋਪਾਲ ਲੋਕ ਸਭਾ ਸੀਟ ਜਿੱਤ ਦਾ ਫਾਰਮੂਲਾ ਕੱਢਿਆ ਹੈ। ਇਨ੍ਹਾਂ ਨੇ ਮੰਗ ਕੀਤੀ ਹੈ ਕਿ ਭੋਪਾਲ ਸੰਸਦੀ ਸੀਟ ਤੋਂ ਕਿਸੇ ਨੇਤਾ ਨੂੰ ਨਹੀਂ ਸਗੋਂ ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਖਾਨ ਨੂੰ ਟਿਕਟ ਦਿੱਤੀ ਜਾਵੇ। ਕਾਂਗਰਸ ਦੇ ਕੌਂਸਲਰਾਂ ਦਾ ਕਹਿਣਾ ਹੈ ਕਿ ਭੋਪਾਲ ਭਾਜਪਾ ਦਾ ਮਜ਼ਬੂਤ ਕਿਲਾ ਬਣਦਾ ਜਾ ਰਿਹਾ ਹੈ, ਜਿਸ ਨੂੰ ਢਾਹੁਣ ਲਈ ਕਰੀਨਾ ਕਪੂਰ ਖਾਨ ਉਮੀਦਵਾਰ ਰਹੇਗੀ। ਕਾਂਗਰਸ ਕੌਂਸਲਰ ਗੁੱਡੂ ਚੌਹਾਨ ਅਤੇ ਅਨੀਸ ਖਾਨ ਦਾ ਮੰਨਣਾ ਹੈ ਕਿ ਨੌਜਵਾਨਾਂ 'ਚ ਕਰੀਨਾ ਕਪੂਰ ਦੀ ਚੰਗੀ ਫੈਨ ਫੋਲੋਇੰਗ ਹੈ ਅਤੇ ਕਰੀਨਾ ਨੌਜਵਾਨਾਂ ਦਾ ਵੋਟ ਹਾਸਲ ਕਰ ਸਕੇਗੀ। ਉੱਥੇ ਹੀ ਅਨੀਸ ਦਾ ਕਹਿਣਾ ਹੈ ਕਿ ਕਰੀਨਾ ਕਿਉਂਕਿ ਪਟੌਦੀ ਖਾਨਦਾਨ ਦੀ ਨੂੰਹ ਹੈ, ਇਸ ਲਈ ਕਾਂਗਰਸ ਨੂੰ ਪੁਰਾਣੇ ਭੋਪਾਲ 'ਚ ਵੀ ਇਸ ਦਾ ਫਾਇਦਾ ਮਿਲੇਗਾ। ਇਸ ਤੋਂ ਇਲਾਵਾ ਔਰਤ ਹੋਣ ਦੇ ਨਾਤੇ ਕਰੀਨਾ ਔਰਤਾਂ ਦੇ ਵੀ ਚੰਗੇ ਖਾਸੇ ਵੋਟ ਲੈਣ 'ਚ ਕਾਮਯਾਬ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ ਕਰੀਨਾ ਦੇ ਪਤੀ ਸੈਫ ਅਲੀ ਖਾਨ ਦਾ ਭੋਪਾਲ ਨਾਲ ਪੁਸ਼ਤੈਨੀ ਸੰਬੰਧ ਹੈ। ਪਟੌਦੀ ਪਰਿਵਾਰ ਸਾਲਾਂ ਤੋਂ ਭੋਪਾਲ 'ਚ ਰਹਿ ਰਿਹਾ ਹੈ ਅਤੇ ਸੈਫ, ਕਰੀਨਾ, ਸ਼ਰਮਿਲਾ ਟੈਗੋਰ ਤੇ ਸੋਹਾ ਅਲੀ ਖਾਨ ਕਈ ਵਾਰ ਭੋਪਾਲ ਵੀ ਆ ਚੁਕੇ ਹਨ। ਅਜਿਹੇ 'ਚ ਕਾਂਗਰਸੀ ਕੌਂਸਲਰ ਪਟੌਦੀ ਪਰਿਵਾਰ ਦੀ ਲੋਕਪ੍ਰਿਯਤਾ ਨੂੰ ਲੋਕ ਸਭਾ ਚੋਣਾਂ 'ਚ ਅਜਮਾਉਣ ਦੀ ਗੱਲ ਕਰ ਰਹੇ ਹਨ। ਹਾਲਾਂਕਿ ਕਰੀਨਾ ਦੇ ਸਹੁਰੇ ਅਤੇ ਸਾਬਕਾ ਕ੍ਰਿਕਟਰ ਸਵ. ਮੰਸੂਰ ਅਲੀ ਖਾਨ ਪਟੌਦੀ 1991 'ਚ ਭੋਪਾਲ ਤੋਂ ਚੋਣਾਂ ਲੜ ਚੁਕੇ ਹਨ, ਜਿਸ 'ਚ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਕੌਂਸਲਰਾਂ ਨੇ ਕਿਹਾ ਹੈ ਕਿ ਇਸ ਮੰਗ ਨੂੰ ਲੈ ਕੇ ਉਹ ਜਲਦ ਹੀ ਮੁੱਖ ਮੰਤਰੀ ਕਮਲਨਾਥ ਨਾਲ ਵੀ ਮੁਲਾਕਾਤ ਕਰਨਗੇ।
 

ਭਾਜਪਾ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ
ਕਾਂਗਰਸ ਕੌਂਸਲਰਾਂ ਦੀ ਮੰਗ 'ਤੇ ਭਾਜਪਾ ਨੇ ਤੰਜ਼ ਕੱਸਿਆ ਹੈ ਅਤੇ ਕਿਹਾ ਹੈ ਕਿ ਕਾਂਗਰਸ ਕੋਲ ਹੁਣ ਨੇਤਾ ਨਹੀਂ ਬਚੇ, ਇਸ ਲਈ ਅਭਿਨੇਤਾ ਦੇ ਸਹਾਰੇ ਚੋਣਾਂ ਲੜਨਾ ਚਾਅ ਰਹੇ ਹਨ। ਭੋਪਾਲ ਤੋਂ ਭਾਜਪਾ ਦੇ ਸੰਸਦ ਮੈਂਬਰ ਆਲੋਕ ਸੰਜਰ ਨੇ ਕਿਹਾ,''ਕਾਂਗਰਸ ਕੋਲ ਸਥਾਨਕ ਨੇਤਾ ਨਹੀਂ ਬਚੇ, ਇਸ ਲਈ ਮੁੰਬਈ ਤੋਂ ਉਮੀਦਵਾਰ ਲਿਆਉਣ ਦੀ ਲੋੜ ਪੈ ਰਹੀ ਹੈ। ਮੈਨੂੰ ਪੂਰਾ ਭਰੋਸਾ ਹੈ, ਇਸ ਵਾਰ ਵੀ ਭੋਪਾਲ ਦੀ ਜਨਤਾ ਭਾਜਪਾ ਨੂੰ ਹੀ ਚੁਣੇਗੀ।''

DIsha

This news is Content Editor DIsha