ਬਰਡ ਫਲੂ ਦਾ ਖ਼ੌਫ਼, ਕੇਜਰੀਵਾਲ ਸਰਕਾਰ ਨੇ ਦਿੱਲੀ 'ਚ ਜਿਊਂਦੇ ਪੰਛੀਆਂ ਦੇ ਆਯਾਤ 'ਤੇ ਲਾਈ ਰੋਕ

01/09/2021 4:25:50 PM

ਨਵੀਂ ਦਿੱਲੀ- ਵੱਖ-ਵੱਖ ਹਿੱਸਿਆਂ ਤੋਂ ਬਰਡ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਜਿਸ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚਿੰਤਾ ਜ਼ਾਹਰ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਹਾਲੇ ਤੱਕ ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਕੇਰਲ 'ਚ ਬਰਡ ਫਲੂ ਦੇ ਕੁਝ ਮਾਮਲੇ ਦੇਖੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਹਾਲੇ ਤੱਕ ਬਰਡ ਫਲੂ ਦੀ ਪੁਸ਼ਟੀ ਨਹੀਂ ਹੈ ਪਰ ਅਸੀਂ ਕੁਝ ਸੈਂਪਲ ਲਏ ਹਨ, ਜੋ ਜਲੰਧਰ ਲੈਬ ਭੇਜੇ ਗਏ ਹਨ। ਸੋਮਵਾਰ ਤੱਕ ਜਿਹੜੇ ਨਤੀਜੇ ਆਉਣਗੇ, ਉਨ੍ਹਾਂ ਦੇ ਆਧਾਰ 'ਤੇ ਕੇਜਰੀਵਾਲ ਸਰਕਾਰ ਜ਼ਰੂਰੀ ਫ਼ੈਸਲੇ ਲਵੇਗੀ। ਇਸ ਦੇ ਨਾਲ ਹੀ ਕੇਜਰੀਵਾਲ ਨੇ ਐਲਾਨ ਕੀਤਾ ਕਿ ਦਿੱਲੀ 'ਚ ਅੱਜ ਤੋਂ ਲਾਈਵ ਬਰਡ ਦੇ ਆਯਾਤ 'ਤੇ ਪੂਰੀ ਤਰ੍ਹਾਂ ਨਾਲ ਬੈਨ ਲਗਾ ਦਿੱਤਾ ਗਿਆ ਹੈ। ਗਾਜ਼ੀਪੁਰ ਮਾਰਕੀਟ ਨੂੰ 10 ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ। 

ਇਹ  ਵੀ ਪੜ੍ਹੋ : ਕੇਜਰੀਵਾਲ ਦੀ ਕੇਂਦਰ ਸਰਕਾਰ ਤੋਂ ਮੰਗ, 'ਸਾਰੇ ਲੋਕਾਂ ਨੂੰ ਮੁਫ਼ਤ ਲਾਈ ਜਾਵੇ ਕੋਰੋਨਾ ਵੈਕਸੀਨ'

ਸਰਕਾਰ ਵਲੋਂ ਜਾਰੀ ਗਾਈਡਲਾਈਨਜ਼ ਦਾ ਪਾਲਣ ਕਰ ਰਹੀ ਹੈ ਦਿੱਲੀ ਸਰਕਾਰ
ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਬਾਰੇ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜਿਨ੍ਹਾਂ ਦਾ ਦਿੱਲੀ ਸਰਕਾਰ ਵਲੋਂ ਪਾਲਣ ਕੀਤਾ ਜਾ ਰਿਹਾ ਹੈ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਹਿਸਾਬ ਨਾਲ ਦਿੱਲੀ ਦੇ ਅੰਦਰ ਕਦਮ ਚੁੱਕੇ ਜਾ ਰਹੇ ਹਨ। ਦਿੱਲੀ 'ਚ ਹਰ ਜ਼ਿਲ੍ਹੇ ਅੰਦਰ ਰੈਪਿਡ ਰਿਸਪਾਂਸ ਟੀਮ ਬਣਾਈਆਂ ਗਈਆਂ ਹਨ, ਜੋ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਟੀਮਾਂ ਦਾ ਸਪੈਸ਼ਲ ਫੋਕਸ ਪੋਲਟਰੀ ਮਾਰਕੀਟ ਗਾਜ਼ੀਪੁਰ, ਸੰਜੇ ਝੀਲ, ਦਿੱਲੀ ਚਿੜੀਆਘਰ, ਡੀਡੀਏ ਪਾਰਕ, ਪੱਛਮੀ ਵਿਹਾਰ ਅਤੇ ਦਵਾਰਕਾ ਵੱਲ ਹੈ। ਉਨ੍ਹਾਂ ਨੇ ਦੱਸਿਆ ਕਿ 104 ਸੈਂਪਲ ਜਲੰਧਰ ਭੇਜੇ ਗਏ ਹਨ। ਸੋਮਵਾਰ ਨੂੰ ਰਿਪੋਰਟ ਆਉਣ ਤੋਂ ਬਾਅਦ ਜ਼ਰੂਰੀ ਕਦਮ ਚੁੱਕੇ ਜਾਣਗੇ। ਦਿੱਲੀ ਸਰਕਾਰ ਵਲੋਂ 24 ਘੰਟੇ ਦੀ ਹੈਲਪਲਾਈਨ ਵੀ ਜਾਰੀ ਕੀਤੀ ਗਈ। 

ਨੋਟ : ਬਰਡ ਫਲੂ ਦੇ ਵੱਧ ਰਹੇ ਮਾਮਲਿਆਂ ਬਾਰੇ ਕੀ ਹੈ ਤੁਹਾਡੀ ਰਾਏ

DIsha

This news is Content Editor DIsha