ਸਰਹੱਦ 'ਤੇ ਨੇਪਾਲ ਪੁਲਸ ਨੇ ਕੀਤੀ ਗੋਲੀਬਾਰੀ, ਇਕ ਦੀ ਮੌਤ, 2 ਹੋਰ ਜ਼ਖਮੀ

06/12/2020 4:21:07 PM

ਪਟਨਾ- ਬਿਹਾਰ ਦੇ ਸੀਤਾਮੜ੍ਹੀ ਜ਼ਿਲ੍ਹੇ 'ਚ ਭਾਰਤ ਅਤੇ ਨੇਪਾਲ ਦੀ ਸਰਹੱਦ ਕੋਲ ਸ਼ੁੱਕਰਵਾਰ ਨੂੰ ਨੇਪਾਲੀ ਪੁਲਸ ਮੁਲਾਜ਼ਮਾਂ ਦੀ ਗੋਲੀਬਾਰੀ 'ਚ ਇਕ ਸਥਾਨਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਹੋਰ ਲੋਕ ਜ਼ਖਮੀ ਹੋ ਗਏ। ਸੌਰਾਸ਼ਟਰ ਸਰਹੱਦੀ ਫੋਰਸ (ਐੱਸ.ਐੱਸ.ਐੱਫ.) 'ਚ ਪਟਨਾ ਫਰੰਟੀਅਰ ਦੇ ਇੰਸਪੈਕਟਰ ਜਨਰਲ (ਆਈ.ਜੀ.) ਸੰਜੇ ਕੁਮਾਰ ਨੇ ਦੱਸਿਆ ਕਿ ਨੇਪਾਲ ਦੇ ਹਥਿਆਰਬੰਦ ਪੁਲਸ ਫੋਰਸ (ਏ.ਪੀ.ਐੱਫ.) ਅਤੇ ਸਥਾਨਕ ਲੋਕਾਂ ਦਰਮਿਆਨ ਇਹ ਘਟਨਾ ਹੋਈ।


ਕੁਮਾਰ ਨੇ ਦੱਸਿਆ ਕਿ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਹੋਰ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਕੌਮਾਂਤਰੀ ਸਰਹੱਦ ਨੇੜੇ ਇਲਾਕੇ 'ਤੇ ਪਹੁੰਚਣ ਨੂੰ ਲੈ ਕੇ ਸਥਾਨਕ ਲੋਕਾਂ ਅਤੇ ਏ.ਪੀ.ਐੱਫ. ਦਰਮਿਆਨ ਟਕਰਾਅ ਹੋਇਆ ਅਤੇ ਬਾਅਦ 'ਚ ਦੋਹਾਂ ਪੱਖਾਂ ਦਰਮਿਆਨ ਕੁੱਟਮਾਰ ਹੋਈ। ਇਸ ਤੋਂ ਬਾਅਦ ਗੋਲੀਬਾਰੀ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸਥਾਨਕ ਪੁਲਸ ਅਤੇ ਐੱਸ.ਐੱਸ.ਬੀ. ਦੇ ਸੀਨੀਅਰ ਅਧਿਕਾਰੀ ਹਾਦਸੇ ਵਾਲੀ ਜਗ੍ਹਾ 'ਤੇ ਹਨ। ਮ੍ਰਿਤਕ ਦਾ ਨਾਂ ਡਿਕੇਸ਼ ਕੁਮਾਰ ਦੀ ਉਮਰ 25 ਸਾਲ ਹੈ, ਜਦੋਂ ਕਿ ਉਮੇਸ਼ ਰਾਮ ਅਤੇ ਉਦੇ ਠਾਕੁਰ ਨੂੰ ਗੋਲੀ ਲੱਗੀ ਹੈ। ਦੋਹਾਂ ਜ਼ਖਮੀਆਂ ਨੂੰ ਇਲਾਜ ਲਈ ਸੀਤਾਮੜ੍ਹੀ ਰੈਫਰ ਕੀਤਾ ਗਿਆ ਹੈ।

ਇਸ ਕਰ ਕੇ ਹੋਇਆ ਵਿਵਾਦ
ਇਕ ਨਿਊਜ਼ ਏਜੰਸੀ ਅਨੁਸਾਰ ਨੇਪਾਲੀ ਸੁਰੱਖਿਆ ਦਸਤਿਆਂ ਨੇ ਇਕ ਭਾਰਤੀ ਨਾਗਰਿਕ ਨੂੰ ਫੜਿਆ ਹੈ, ਜਿਸ ਨੂੰ ਛੁਡਾਉਣ ਲਈ ਗੱਲਬਾਤ ਕੀਤੀ ਜਾ ਰਹੀ ਹੈ। ਐੱਸ.ਐੱਸ.ਬੀ. ਦੇ ਡਾਇਰੈਕਟਰ ਜਨਰਲ ਕੇ. ਰਾਜੇਸ਼ ਚੰਦਰ ਨੇ ਦੱਸਿਆ ਕਿ ਇਹ ਘਟਨਾ ਸਵੇਰੇ 8.40 ਵਜੇ ਦੀ ਹੈ। ਇਕ ਪਰਿਵਾਰ ਨੇਪਾਲ ਜਾ ਰਿਹਾ ਸੀ, ਜਿਨ੍ਹਾਂ ਨੂੰ ਨੇਪਾਲੀ ਸੁਰੱਖਿਆ ਫੋਰਸਾਂ ਨੇ ਸਰਹੱਦ 'ਤੇ ਰੋਕ ਲਿਆ ਅਤੇ ਵਾਪਸ ਆਉਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਇਸੇ ਦੌਰਾਨ ਨੇਪਾਲੀ ਸੁਰੱਖਿਆ ਦਸਤਿਆਂ ਨੇ ਗੋਲੀਬਾਰੀ ਕਰ ਦਿੱਤੀ, ਜਿਸ ਨਾਲ ਤਿੰਨ ਲੋਕਾਂ ਨੂੰ ਗੋਲੀ ਲੱਗ ਗਈ। ਇਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ। ਡੀ.ਜੀ. ਰਾਜੇਸ਼ ਚੰਦਰ ਨੇ ਦੱਸਿਆ ਕਿ ਨੇਪਾਲੀ ਸੁਰੱਖਿਆ ਦਸਤਿਆਂ ਨੇ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਹੈ। ਅਸੀਂ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਕਿ ਉਹ ਉਸ ਨੂੰ ਰਿਹਾਅ ਕਰ ਦੇਣ ਅਤੇ ਮਾਮਲਾ ਅੱਗੇ ਨਾ ਵਧੇ। ਸਭ ਕੁਝ ਨੇਪਾਲ 'ਚ ਹੋਇਆ ਹੈ।

 

DIsha

This news is Content Editor DIsha