ਕੋਰੋਨਾਵਾਇਰਸ ਦੇ ਕਾਰਨ PMCH ਦੇ ਸਾਰੇ ਡਾਕਟਰਾਂ ਦੀਆਂ ਛੁੱਟੀਆਂ ਰੱਦ

03/13/2020 11:54:19 AM

ਪਟਨਾ—ਬਿਹਾਰ ’ਚ ਹੁਣ ਤੱਕ ਕੋਰੋਨਾਵਾਇਰਸ ਨਾਲ ਇਨਫੈਕਟਡ ਕੋਈ ਵੀ ਮਰੀਜ਼ ਨਹੀਂ ਮਿਲਿਆ ਹੈ ਪਰ ਸੂਬਾ ਸਰਕਾਰ ਸਾਵਧਾਨੀ ਵਜੋਂ ਉੱਚਿਤ ਕਦਮ ਚੁੱਕ ਰਹੀ ਹੈ, ਤਾਂ ਜੋ ਇਸ ਖਤਰਨਾਕ ਵਾਇਰਸ ਨਾਲ ਲੜਿਆ ਜਾ ਸਕੇ। ਮਿਲੀ ਜਾਣਕਾਰੀ ਅਨੁਸਾਰ ਪਟਨਾ ਮੈਡੀਕਲ ਕਾਲਜ ਅਤੇ ਹਸਪਤਾਲ (ਪੀ.ਐੱਮ.ਸੀ.ਐੱਚ) ਦੇ ਸਾਰੇ ਡਾਕਟਰਾਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ।

ਦੱਸ ਦੇਈਏ ਕਿ ਬਿਹਾਰ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਪੀ.ਐੱਮ.ਸੀ.ਐੱਚ ’ਚ ਇਸ ਸਮੇਂ ਕੋਰੋਨਾਵਾਇਰਸ ਦਾ ਸ਼ੱਕੀ ਇਕ ਮਰੀਜ਼ ਆਈਸੋਲੇਸ਼ਨ ਵਾਰਡ ’ਚ ਭਰਤੀ ਕਰਵਾਇਆ ਗਿਆ ਹੈ। ਇਸ ਸ਼ਖਸ ਦਾ ਨਾਂ ਵਿਨੋਦ ਕੁਮਾਰ ਹੈ, ਜੋ ਸਮਸਤੀਪੁਰ ਦਾ ਰਹਿਣ ਵਾਲਾ ਹੈ। ਜਾਣਕਾਰੀ ਮਿਲੀ ਹੈ ਕਿ ਕੁਝ ਦਿਨ ਪਹਿਲਾ ਹੀ ਇਹ ਦੁਬਈ ਤੋਂ ਵਾਪਸ ਭਾਰਤ ਆਇਆ ਸੀ। ਇਸ ਮਹਾਮਾਰੀ ਨਾਲ ਮੁਕਾਬਲਾ ਕਰਨ ਲਈ ਪੀ.ਐੱਮ.ਸੀ.ਐੱਚ ਪ੍ਰਸ਼ਾਸਨ ਨੇ ਸਾਰੇ ਡਾਕਟਰਾਂ ਅਤੇ ਆਪਣੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਪੀ.ਐਮ.ਸੀ.ਐੱਚ ਪ੍ਰਸ਼ਾਸਨ ਨੇ ਸਾਰੇ ਡਾਕਟਰਾਂ ਅਤੇ ਕਰਮਚਾਰੀਆਂ ਨੂੰ ਅਲਰਟ ਮੋਡ ’ਤੇ ਰਹਿਣ ਦਾ ਆਦੇਸ਼ ਦਿੱਤਾ ਹੈ। ਅਗਲੇ ਆਦੇਸ਼ ਤੱਕ ਸਾਰੇ ਡਾਕਟਰਾਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

ਇਸ ਦੇ ਨਾਲ ਹੀ ਸੂਬੇ ਦੇ ਸਾਰੇ ਜ਼ਿਲਿਆਂ ’ਚ ਚੱਲਣ ਵਾਲੇ ਆਂਗਣਵਾੜੀ ਕੇਂਦਰਾਂ ’ਤੇ ਵੀ ਰੋਕ ਲਾ ਦਿੱਤੀ ਗਈ ਹੈ। ਸਰਕਾਰ ਦਾ ਇਹ ਫੈਸਲਾ ਅਗਲੇ ਆਦੇਸ਼ ਤੱਕ ਲਾਗੂ ਰਹੇਗਾ। ਸੂਬਾ ਸਰਕਾਰ ਦੇ ਆਦੇਸ਼ ਦਾ ਅਸਰ ਲਗਭਗ ਡੇਢ ਲੱਖ ਆਂਗਣਵਾੜੀ ਕੇਂਦਰਾਂ ’ਤੇ ਪਵੇਗਾ। ਇਸ ਦੇ ਨਾਲ ਹੀ 14 ਮਾਰਚ ਨੂੰ ਪਟਨਾ ’ਚ ਹੋਣ ਵਾਲੇ ‘ਬਿਹਾਰ ਸਟਾਰਟਅਪ ਕਾਨਕਲੇਵ’ ਦੇ ਪ੍ਰੋਗਰਾਮ ਨੂੰ ਵੀ ਬਿਹਾਰ ਇੰਡਸਟਰੀਜ਼ ਐਸੋਸੀਏਸ਼ਨ ਨੇ ਰੱਦ ਕਰ ਦਿੱਤਾ ਹੈ।  ਬਿਾਹਰ ਇੰਡਸਟਰੀਜ਼ ਐਸੋਸੀਏਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਕੋਰੋਨਾਵਾਇਰਸ ਨੇ ਦੇਸ਼ ’ਚ ਆਪਣੇ ਪੈਰ ਪਸਾਰੇ ਹਨ, ਇਸ ਦੇ ਲਈ ਅਜਿਹੇ ਆਯੋਜਨਾਂ ਨੂੰ ਰੱਦ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਭੀੜ ਵੀ ਇਕ ਥਾਂ ਇੱਕਠੀ ਨਾ ਹੋਵੇ।

Iqbalkaur

This news is Content Editor Iqbalkaur