ਕੋਰੋਨਾ ''ਤੇ ਕੱਲ ਹੋਵੇਗੀ ਵਿਰੋਧੀ ਧਿਰ ਦੀ ਵੱਡੀ ਬੈਠਕ, ਸੋਨੀਆ-ਉੱਧਵ ਸਮੇਤ 18 ਪਾਰਟੀ ਨੇਤਾ ਹੋਣਗੇ ਸ਼ਾਮਲ

05/21/2020 11:58:13 PM

ਨਵੀਂ ਦਿੱਲੀ - ਕੋਰੋਨਾ ਸੰਕਟ 'ਤੇ ਵਿਰੋਧੀ ਧਿਰ ਦੇ ਨੇਤਾਵਾਂ ਦੀ ਇੱਕ ਵੱਡੀ ਬੈਠਕ ਸ਼ੁੱਕਰਵਾਰ ਨੂੰ 3 ਵਜੇ ਹੋਵੇਗੀ। ਇਸ ਬੈਠਕ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਐਨ.ਸੀ.ਪੀ. ਨੇਤਾ ਸ਼ਰਦ ਪਵਾਰ, ਡੀ.ਐਮ.ਕੇ. ਨੇਤਾ ਐਮ.ਕੇ. ਸਟਾਲਿਨ ਸਮੇਤ 18 ਰਾਜਨੀਤਕ ਦਲਾਂ ਦੇ ਨੇਤਾ ਹਿੱਸਾ ਲੈਣਗੇ।

ਵਿਰੋਧੀ ਧਿਰ ਦੀ ਇਸ ਬੈਠਕ ਦੀ ਪ੍ਰਧਾਨਗੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਕਰਣਗੀ। ਕਾਂਗਰਸ ਵਲੋਂ ਗੁਲਾਮ ਨਬੀ ਆਜ਼ਾਦ ਅਤੇ ਏ.ਕੇ. ਐਂਟਨੀ ਵੀ ਬੈਠਕ ਦਾ ਹਿੱਸਾ ਲੈਣਗੇ। ਤ੍ਰਿਣਮੂਲ ਕਾਂਗਰਸ ਵਲੋਂ ਬੈਠਕ 'ਚ ਡੇਰੇਕ ਓ ਬਰਾਇਨ ਵੀ ਹੋਣਗੇ। ਹਾਲਾਂਕਿ ਮਮਤਾ ਬੈਨਰਜੀ ਕੁੱਝ ਦੇਰ ਬਾਅਦ ਬੈਠਕ 'ਚ ਹਿੱਸਾ ਲੈਣਗੀ। ਦੱਸ ਦਈਏ ਕਿ ਮਮਤਾ ਬੈਨਰਜੀ ਕੱਲ ਪੀ.ਐਮ. ਮੋਦੀ ਨਾਲ ਬੰਗਾਲ 'ਚ ਤੂਫਾਨ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕਰਣਗੀ।

ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ 'ਚ ਕੋਰੋਨਾ ਅਤੇ ਲਾਕਡਾਊਨ ਨੂੰ ਲੈ ਕੇ ਮੋਦੀ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਬਾਰੇ ਗੱਲ ਹੋਵੇਗੀ ਅਤੇ ਸਰਕਾਰ ਵਲੋਂ ਸੂਬਾ ਸਰਕਾਰਾਂ ਨਾਲ ਕੀਤੇ ਜਾ ਰਹੇ ਵਿਵਹਾਰ 'ਤੇ ਚਰਚਾ ਕੀਤੀ ਜਾਵੇਗੀ।

ਬੈਠਕ 'ਚ ਰਾਸ਼ਟਰੀ ਲੋਕ ਦਲ (ਆਰ.ਐਲ.ਡੀ.) ਦੇ ਪ੍ਰਧਾਨ ਅਜਿਤ ਸਿੰਘ, ਐਨ.ਸੀ.ਪੀ. ਪ੍ਰਮੁੱਖ ਸ਼ਰਦ ਪਵਾਰ ਅਤੇ ਸੀਤਾਰਾਮ ਯੇਚੁਰੀ ਵਰਗੇ ਨੇਤਾ ਵੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਜਨਤਾ ਦਲ (ਸੈਕਿਉਲਰ) ਵਲੋਂ ਐਚ.ਡੀ. ਦੇਵਗੌੜਾ ਅਤੇ ਨੈਸ਼ਨਲ ਕਾਨਫਰੰਸ ਵਲੋਂ ਫਾਰੁਖ ਅਬਦੁੱਲਾ ਜਾਂ ਉਮਰ ਅਬਦੁੱਲਾ 'ਚੋਂ ਕੋਈ ਇੱਕ ਸ਼ਾਮਿਲ ਹੋ ਸਕਦਾ ਹੈ। ਹਾਲਾਂਕਿ ਇਸ ਬੈਠਕ 'ਚ ਆਮ ਆਦਮੀ ਪਾਰਟੀ ਵਲੋਂ ਕੋਈ ਸ਼ਾਮਿਲ ਨਹੀਂ ਹੋਵੇਗਾ। ਆਪ ਦੇ ਸੂਤਰਾਂ ਮੁਤਾਬਕ, ਉਨ੍ਹਾਂ ਨੂੰ ਇਸ ਬੈਠਕ ਲਈ ਸੱਦਾ ਨਹੀਂ ਮਿਲਿਆ ਹੈ।

Inder Prajapati

This news is Content Editor Inder Prajapati