ਨੋਟਬੰਦੀ ਨੂੰ ਲਾਗੂ ਕਰਨ ''ਚ ਹੋਈਆਂ ਵੱਡੀਆਂ ਕੋਤਾਹੀਆਂ : ਰਿਚਰਡ ਥੇਲਰ

11/20/2017 5:24:45 AM

ਨਵੀਂ ਦਿੱਲੀ - ਅਮਰੀਕਾ ਦੇ ਅਰਥ ਸ਼ਾਸਤਰੀ ਤੇ ਨੋਬਲ ਪੁਰਸਕਾਰ ਜੇਤੂ ਰਿਚਰਡ ਥੇਲਰ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਦਾ ਨੋਟਬੰਦੀ ਦਾ ਵਿਚਾਰ ਚੰਗਾ ਸੀ ਪਰ ਉਸ ਨੂੰ ਲਾਗੂ ਕਰਨ ਵਿਚ ਵੱਡੀਆਂ ਕੋਤਾਹੀਆਂ ਹੋਈਆਂ। ਥੇਲਰ ਨੇ ਕਿਹਾ ਕਿ 2000 ਦਾ ਨੋਟ ਲਿਆਉਣਾ ਸਮਝ ਤੋਂ ਪਰੇ ਹੈ। 
ਇਸ ਨਾਲ ਕਾਲਾ ਧਨ ਖਤਮ ਕਰਨਾ ਅਤੇ ਦੇਸ਼ ਨੂੰ ਕੈਸ਼ਲੈੱਸ ਇਕਾਨਮੀ ਬਣਾਉਣ ਵਰਗੇ ਮਕਸਦ ਵੀ ਮੁਸ਼ਕਲ ਹੋ ਗਏ। ਇਹ ਗੱਲ ਥੇਲਰ ਨੇ ਸ਼ਿਕਾਗੋ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਦੇ ਸਵਾਲ ਦੇ ਜਵਾਬ ਵਿਚ ਕਹੀ। 
ਇਸ ਯੂਨੀਵਰਸਿਟੀ ਦੇ ਵਿਦਿਆਰਥੀ ਸਵਰਾਜ ਕੁਮਾਰ ਨੇ ਟਵਿਟਰ 'ਤੇ ਥੇਲਰ ਨਾਲ  ਹੋਈ ਗੱਲਬਾਤ ਸਾਂਝੀ ਕੀਤੀ ਹੈ। ਸਵਰਾਜ ਦੇ ਟਵੀਟ ਨੂੰ ਥੇਲਰ ਨੇ ਰੀ-ਟਵੀਟ ਵੀ ਕੀਤਾ 8 ਨਵੰਬਰ 2016 ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ ਉਦੋਂ ਥੇਲਰ ਨੇ ਟਵੀਟ ਕਰ ਕੇ ਕਿਹਾ ਸੀ ਕਿ ਉਹ ਅਜਿਹੇ ਕਦਮ ਦੇ ਸ਼ੁਰੂ ਤੋਂ ਹਮਾਇਤੀ ਰਹੇ ਹਨ।
ਹਾਲਾਂਕਿ ਬਾਅਦ ਵਿਚ ਪਤਾ ਲੱਗਣ 'ਤੇ ਉਨ੍ਹਾਂ ਨੇ ਅਫਸੋਸ ਵੀ ਪ੍ਰਗਟਾਇਆ ਸੀ ਕਿ ਸਰਕਾਰ ਨੇ 2000 ਰੁਪਏ ਦਾ ਨਵਾਂ ਨੋਟ ਵੀ ਜਾਰੀ ਕਰ ਦਿੱਤਾ। ਪ੍ਰੋ. ਰਿਚਰਡ ਥੇਲਰ ਨੂੰ ਸਾਲ 2017 ਵਿਚ ਹੀ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ।