ਹਰਿਆਣਾ 'ਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਬਣੇ ਭੁਪਿੰਦਰ ਹੁੱਡਾ

11/02/2019 1:01:25 PM

ਚੰਡੀਗੜ੍ਹ—ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨ ਹੋਣ ਤੋਂ 9 ਦਿਨ ਬਾਅਦ ਕਾਂਗਰਸ ਨੇ ਹਰਿਆਣਾ 'ਚ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਹਰਿਆਣਾ 'ਚ ਕਾਂਗਰਸ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਭੁਪਿੰਦਰ ਸਿੰਘ ਹੁੱਡਾ ਦੇ ਨਾਂ 'ਤੇ ਮੋਹਰ ਲਗਾਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਇਸ ਦੇ ਸੰਬੰਧ 'ਚ ਕਾਂਗਰਸ ਜਨਰਲ ਸਕੱਤਰ ਗੁਲਾਮ ਨਬੀ ਆਜ਼ਾਦ ਨੇ ਦੱਸਿਆ ਹੈ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਭੁਪਿੰਦਰ ਸਿੰਘ ਹੁੱਡਾ ਨੂੰ ਵਿਧਾਇਕ ਦਲ ਦਾ ਨੇਤਾ ਨਿਯੁਕਤ ਕੀਤਾ ਹੈ।

ਦੱਸਣਯੋਗ ਹੈ ਕਿ ਚੰਡੀਗੜ੍ਹ ਸਥਿਤ ਸੂਬਾ ਕਾਂਗਰਸ ਦਫਤਰ 'ਚ ਹੋਈ ਇਸ ਬੈਠਕ 'ਚ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਹਰਿਆਣਾ 'ਚ ਪਾਰਟੀ ਮਾਮਲਿਆਂ ਦੇ ਮੁਖੀ ਗੁਲਾਮ ਨਬੀ ਆਜ਼ਾਦ, ਸੰਸਦ ਮੈਂਬਰ, ਅਖਿਲ ਭਾਰਤੀ ਕਾਂਗਰਸ ਕਮੇਟੀ ਦੁਆਰਾ ਨਿਯੁਕਤ ਕੀਤੇ ਗਏ ਸੁਪਰਵਾਇਜ਼ਰ ਅਤੇ ਸੰਸਦ ਮੈਂਬਰ ਮਧੂ ਸੂਦਨ ਮਿਸਤਰੀ ਵਿਸ਼ੇਸ਼ ਰੂਪ 'ਚ ਸ਼ਾਮਿਲ ਹੋਏ।

ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਹੀ ਪਾਰਟੀ ਲੀਡਰਸ਼ਿਪ ਨੇ ਡਾ. ਅਸ਼ੋਕ ਤੰਵਰ ਦੀ ਥਾਂ ਕੁਮਾਰੀ ਸ਼ੈਲਜਾ ਨੂੰ ਸੂਬਾ ਪ੍ਰਧਾਨ ਅਤੇ ਕਿਰਨ ਚੌਧਰੀ ਦੀ ਜਗ੍ਹਾਂ ਹੁੱਡਾ ਨੂੰ ਸੀ. ਐੱਲ. ਪੀ. ਲੀਡਰ ਬਣਾਇਆ ਗਿਆ। ਹੁਣ ਕਾਂਗਰਸ ਵਿਧਾਇਕਾਂ ਦੀ ਗਿਣਤੀ 15 ਤੋਂ ਵੱਧ ਕੇ 31 ਪਹੁੰਚ ਗਈ ਹੈ। ਇਨ੍ਹਾਂ ਵਿਧਾਇਕਾਂ 'ਚ 25-26 ਹੁੱਡਾ ਸਮਰਥਕ ਹਨ।

Iqbalkaur

This news is Content Editor Iqbalkaur