ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੂੰ ਪੁਲਸ ਨੇ ਹਿਰਾਸਤ 'ਚ ਲਿਆ

12/21/2019 11:34:43 AM

ਨਵੀਂ ਦਿੱਲੀ— ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੂੰ ਸ਼ਨੀਵਾਰ ਤੜਕੇ ਜਾਮਾ ਮਸਜਿਦ ਦੇ ਬਾਹਰੋਂ ਹਿਰਾਸਤ 'ਚ ਲਿਆ ਗਿਆ। ਸੋਧ ਨਾਗਰਿਕਤਾ ਕਾਨੂੰਨ ਵਿਰੁੱਧ ਦਿੱਲੀ ਦੇ ਜਾਮਾ ਮਸਜਿਦ ਤੋਂ ਜੰਤਰ-ਮੰਤਰ ਤੱਕ ਮਾਰਚ ਕੱਢਣ ਦਾ ਐਲਾਨ ਕਰਨ ਵਾਲੇ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਪੁਲਸ ਕਰਮਚਾਰੀਆਂ ਨੂੰ ਝਾਂਸੀ ਦੇ ਕੇ ਮਸਜਿਦ ਦੇ ਅੰਦਰ ਦਾਖਲ ਹੋਏ, ਜਦਕਿ ਪੁਲਸ ਉਨ੍ਹਾਂ ਨੂੰ ਹਿਰਾਸਤ 'ਚ ਲੈਣ ਲਈ ਉਨ੍ਹਾਂ ਦੀਆਂ ਤਲਾਸ਼ ਕਰਦੀ ਰਹੀ। ਉਨ੍ਹਾਂ ਨੇ ਕਿਹਾ,''ਸਾਨੂੰ ਬਲੀਦਾਨ ਦੇਣਾ ਹੋਵੇਗਾ ਤਾਂ ਕਿ ਕਾਨੂੰਨ ਵਾਪਸ ਲਿਆ ਜਾਵੇ। ਅਸੀਂ ਹਿੰਸਾ ਦਾ ਸਮਰਥਨ ਨਹੀਂ ਕਰਦੇ। ਅਸੀਂ ਸ਼ੁੱਕਰਵਾਰ ਸਵੇਰ ਤੋਂ ਮਸਜਿਦ ਦੇ ਅੰਦਰ ਬੈਠੇ ਸਨ ਅਤੇ ਸਾਡੇ ਲੋਕ ਹਿੰਸਾ 'ਚ ਸ਼ਾਮਲ ਨਹੀਂ ਸਨ।''

ਹਿੰਸਾ 'ਚ ਸ਼ਾਮਲ ਨਹੀਂ ਸੀ
ਮਸਜਿਦ ਦੇ ਨੇੜੇ ਵੱਡੀ ਗਿਣਤੀ 'ਚ ਤਾਇਨਾਤ ਪੁਲਸ ਕਰਮਾਚਰੀ ਆਜ਼ਾਦ ਦੇ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੇ ਸਨ। ਵੱਡੀ ਗਿਣਤੀ 'ਚ ਲੋਕ ਵੀ ਇੱਥੇ ਇਕੱਠੇ ਸਨ। ਸੀਨੀਅਰ ਪੁਲਸ ਅਧਿਕਾਰੀ ਉਨ੍ਹਾਂ ਤੋਂ ਸ਼ੁੱਕਰਵਾਰ ਸ਼ਾਮ ਤੋਂ ਮਸਜਿਦ ਤੋਂ ਬਾਹਰ ਆਉਣ ਦੀ ਅਪੀਲ ਕਰ ਰਹੇ ਸਨ। ਕਈ ਘੰਟਿਆਂ ਤੱਕ ਚੱਲੇ ਇਸ ਨਾਟਕ ਦਾ ਅੰਤ ਸ਼ਨੀਵਾਰ ਤੜਕੇ ਕਰੀਬ 3.15 ਵਜੇ ਹੋਇਆ, ਜਦੋਂ ਆਜ਼ਾਦ ਬਾਹਰ ਆਉਣ ਲਈ ਰਾਜੀ ਹੋ ਗਏ। ਇਸ ਤੋਂ ਪਹਿਲਾਂ ਆਜ਼ਾਦ ਨੇ ਕਿਹਾ ਸੀ ਕਿ ਉਨ੍ਹਾਂ ਦਾ ਸਮੂਹ ਦਿੱਲੀ ਗੇਟ ਕੋਲ ਹੋਈ ਹਿੰਸਾ 'ਚ ਸ਼ਾਮਲ ਨਹੀਂ ਸੀ।

ਇਸ ਤਰ੍ਹਾਂ ਦਾਖਲ ਹੋਇਆ ਮਸਜਿਦ 'ਚ
ਜਾਮਾ ਮਸਜਿਦ ਦੇ ਬਾਹਰ ਸਖਤ ਸੁਰੱਖਿਆ ਨੂੰ ਪਾਰ ਕਰ ਕੇ ਉਹ ਕਿਵੇਂ ਇੱਥੇ ਪੁੱਜੇ, ਇਸ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਉਹ ਟੋਪੀ ਪਾ ਕੇ ਅਤੇ ਸ਼ਾਲ ਲਪੇਟ ਕੇ ਸ਼ੁੱਕਰਵਾਰ ਕਰੀਬ 1.30 ਵਜੇ ਜਾਮਾ ਮਸਜਿਦ ਦੇ ਅੰਦਰ ਗਏ। ਉਨ੍ਹਾਂ ਨੇ ਕਿਹਾ,''ਮੇਰਾ ਨਾਂ ਚੰਦਰਸ਼ੇਖਰ ਆਜ਼ਾਦ ਹੈ। ਪੁਲਸ ਮੈਨੂੰ ਕੈਦ ਨਹੀਂ ਕਰ ਸਕਦੀ। ਮੈਂ ਟੋਪੀ ਪਾ ਕੇ ਅਤੇ ਇਕ ਸ਼ਾਲ ਲਪੇਟ ਕੇ ਆਰਾਮ ਨਾਲ ਮਸਜਿਦ 'ਚ ਦਾਖਲ ਹੋਇਆ।'' ਪ੍ਰਦਰਸ਼ਨਕਾਰੀ ਜਾਮਾ ਮਸਜਿਦ ਤੋਂ ਜੰਤਰ-ਮੰਤਰ ਤੱਕ ਮਾਰਚ ਕੱਢ ਰਹੇ ਸਨ ਪਰ ਦਿੱਲੀ ਗੇਟ ਕੋਲ ਪੁਲਸ ਅਤੇ ਨੀਮ ਫੌਜੀ ਫੋਰਸ ਦੇ ਜਵਾਨਾਂ ਨੇ ਦਿੱਲੀ ਗੇਟ 'ਤੇ ਹੀ ਉਨ੍ਹਾਂ ਨੂੰ ਰੋਕ ਲਿਆ ਸੀ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੇ ਕਥਿਤ ਤੌਰ 'ਤੇ ਇਕ ਕਾਰ ਨੂੰ ਅੱਗ ਲੱਗਾ ਦੇਣ ਅਤੇ ਕੁਝ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਹਿੰਸਾ ਭੜਕ ਗਈ ਸੀ। ਪੁਲਸ ਨੇ ਲਾਠੀਚਾਰਜ ਅਤੇ ਪਾਣੀ ਦੀਆਂ ਵਾਛੜਾਂ ਦੀ ਵਰਤੋਂ ਕੀਤੀ।

ਸ਼ਾਹ ਦੇ ਅਸਤੀਫ਼ਾ ਦੇਣ ਤੱਕ ਪ੍ਰਦਰਸ਼ਨ ਰਹੇਗਾ ਜਾਰੀ
ਆਜ਼ਾਦ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ਾ ਦੇਣ ਤੱਕ ਪ੍ਰਦਰਸ਼ਨ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਉਹ ਜਲਦ ਹੀ ਜਾਮੀਆ ਮਿਲੀਆ ਇਸਲਾਮੀਆ 'ਚ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਨਗੇ। ਆਜ਼ਾਦ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ,''ਜੋ ਹਿੰਸਾ ਕਰ ਰਹੇ ਹਨ, ਉਹ ਉਨ੍ਹਾਂ ਦੇ ਲੋਕ ਨਹੀਂ ਹਨ। ਇਤਿਹਾਸਕ ਜਾਮਾ ਮਸਜਿਦ 'ਤੇ ਸਾਡਾ ਸ਼ਾਂਤੀਪੂਰਨ ਪ੍ਰਦਰਸ਼ਨ ਰਹੇਗਾ। ਅੰਬਡੇਕਰਵਾਦੀ ਹਿੰਸਾ ਨਹੀਂ ਕਰਦੇ।''

DIsha

This news is Content Editor DIsha