ਕਾਂਗਰਸ ਦੀ ਸਰਕਾਰ ਬਣਨ ''ਤੇ ਕਰਾਵਾਂਗੇ ਜਾਤੀ ਆਧਾਰਿਤ ਮਰਦਮਸ਼ੁਮਾਰੀ : ਰਾਹੁਲ

03/13/2024 12:48:35 PM

ਮੁੰਬਈ, (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸਰਕਾਰ ਬਣਾਉਂਦੀ ਹੈ ਤਾਂ ਉਹ ਜਾਤੀ ਆਧਾਰਿਤ ਮਰਦਮਸ਼ੁਮਾਰੀ, ਆਰਥਿਕ ਅਤੇ ਵਿੱਤੀ ਸਰਵੇਖਣ ਕਰਵਾਏਗੀ ਅਤੇ ਜੰਗਲਾਤ ਅਧਿਕਾਰ ਐਕਟ ਨੂੰ ਵੀ ਮਜ਼ਬੂਤ ਬਣਾਏਗੀ। ‘ਭਾਰਤ ਜੋੜੋ ਨਿਆਏ ਯਾਤਰਾ’ ਦੇ ਗੁਜਰਾਤ ਤੋਂ ਮਹਾਰਾਸ਼ਟਰ ਵਿਚ ਪ੍ਰਵੇਸ਼ ਕਰਨ ਤੋਂ ਬਾਅਦ ਸੂਬੇ ਦੇ ਆਦਿਵਾਸੀ ਬਹੁ-ਗਿਣਤੀ ਵਾਲੇ ਨੰਦੂਰਬਾਰ ਜ਼ਿਲੇ ’ਚ ਬੋਲਦਿਆਂ ਉਨ੍ਹਾਂ ਕਿਹਾ ਕਿ ਆਦਿਵਾਸੀ ਭਾਰਤ ਦੀ ਆਬਾਦੀ ਦਾ 8 ਫੀਸਦੀ ਹਿੱਸਾ ਹਨ ਅਤੇ ਕਾਂਗਰਸ ਇਹ ਯਕੀਨੀ ਬਣਾਏਗੀ ਕਿ ਉਨ੍ਹਾਂ ਨੂੰ ਵਿਕਾਸ ’ਚ ਅਨੁਪਾਤਕ ਹਿੱਸੇਦਾਰੀ ਮਿਲੇ।

ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਕ ਵਾਰ ਜਦੋਂ ਅਸੀਂ ਸੱਤਾ ਵਿਚ ਆਵਾਂਗੇ ਤਾਂ ਕਾਂਗਰਸ ਦੇਸ਼ ਭਰ ਵਿਚ ਜਾਤੀ ਆਧਾਰਿਤ ਮਰਦਮਸ਼ੁਮਾਰੀ, ਆਰਥਿਕ ਅਤੇ ਵਿੱਤੀ ਸਰਵੇਖਣ ਕਰਵਾਏਗੀ। ਇਹ ਇਕ ਕ੍ਰਾਂਤੀਕਾਰੀ ਕਦਮ ਹੋਵੇਗਾ। ਸਾਡੇ ਕੋਲ ਹਰੇਕ ਜਾਤੀ ਅਤੇ ਆਬਾਦੀ ਵਿਚ ਉਸ ਦੀ ਨੁਮਾਇੰਦਗੀ ਦਾ ਢੁੱਕਵਾਂ ਅੰਕੜਾ ਹੋਵੇਗਾ। ਕਾਂਗਰਸ ਨੇਤਾ ਨੇ ਖੇਤੀਬਾੜੀ ਅਤੇ ਜੰਗਲੀ ਪੈਦਾਵਾਰ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਗਾਰੰਟੀ ਪ੍ਰਦਾਨ ਕਰਨ ਲਈ ਇਕ ਕਾਨੂੰਨ ਲਿਆਉਣ ਦਾ ਵੀ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਜੰਗਲਾਤ ਅਧਿਕਾਰ ਐਕਟ ਜਾਂ ਭੂਮੀ ਗ੍ਰਹਿਣ ਐਕਟ ਵਰਗੇ ਕਾਨੂੰਨਾਂ ਨੂੰ ਕਮਜ਼ੋਰ ਕੀਤਾ। ਅਸੀਂ ਨਾ ਸਿਰਫ਼ ਉਨ੍ਹਾਂ ਨੂੰ ਮਜ਼ਬੂਤ ​​ਕਰਾਂਗੇ ਸਗੋਂ ਇਹ ਵੀ ਯਕੀਨੀ ਬਣਾਵਾਂਗੇ ਕਿ ਆਦਿਵਾਸੀਆਂ ਦੇ ਦਾਅਵਿਆਂ ਦਾ ਨਿਪਟਾਰਾ ਇਕ ਸਾਲ ਦੇ ਅੰਦਰ-ਅੰਦਰ ਕੀਤਾ ਜਾਵੇ।

Rakesh

This news is Content Editor Rakesh