ਭਲਕੇ ਕਿਸਾਨਾਂ ਵਲੋਂ ‘ਭਾਰਤ ਬੰਦ’ ਦੀ ਕਾਲ, ਜਾਣੋ ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹੇਗਾ

03/25/2021 3:18:17 PM

ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਡਟੇ ਹੋਏ ਹਨ। ਕਿਸਾਨ ਅੰਦੋਲਨ ਦੇ ਭਲਕੇ 4 ਮਹੀਨੇ ਪੂਰੇ ਹੋ ਜਾਣਗੇ। 4 ਮਹੀਨੇ ਪੂਰੇ ਹੋਣ ’ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਭਲਕੇ ਯਾਨੀ ਕਿ 26 ਮਾਰਚ 2021 ਨੂੰ ‘ਭਾਰਤ’ ਬੰਦ ਦੀ ਕਾਲ ਦਿੱਤੀ ਗਈ ਹੈ। ਸਰਹੱਦਾਂ ’ਤੇ ਡਟੇ ਕਿਸਾਨਾਂ ਦੀ ਮੰਗ ਹੈ ਕਿ ਖੇਤੀ ਕਾਨੂੰਨ ਰੱਦ ਹੋਣੇ ਹੀ ਚਾਹੀਦੇ ਹਨ, ਉਦੋਂ ਤੱਕ ਸਾਡਾ ਅੰਦੋਲਨ ਜਾਰੀ ਰਹੇਗਾ। 26 ਮਾਰਚ ਨੂੰ ਭਾਰਤ ਬੰਦ ਦੌਰਾਨ 12 ਘੰਟਿਆਂ ਲਈ ਦੇਸ਼ ’ਚ ਕੀ-ਕੀ ਖੁੱਲ੍ਹਿਆ ਰਹੇਗਾ ਅਤੇ ਕੀ ਰਹੇਗਾ ਬੰਦ, ਆਓ ਜਾਣਦੇ ਹਾਂ-

ਇਹ ਵੀ ਪੜ੍ਹੋ: ਕਿਸਾਨਾਂ ਨੇ ਮਨਾਇਆ ਭਗਤ ਸਿੰਘ ਤੇ ਸਾਥੀਆਂ ਦਾ ‘ਸ਼ਹੀਦੀ ਦਿਹਾੜਾ’, ਸਿਰ ’ਤੇ ਸਜਾਈਆਂ ਪੀਲੀਆਂ ਪੱਗਾਂ

1. ਭਾਰਤ ਬੰਦ ਕਦੋਂ ਅਤੇ ਕਿੰਨੇ ਸਮੇਂ ਲਈ ਹੈ?
ਕਿਸਾਨ ਜਥੇਬੰਦੀਆਂ ਦਾ ਭਾਰਤ ਬੰਦ 26 ਮਾਰਚ 2021 ਦੀ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਰਹੇਗਾ।

ਇਹ ਵੀ ਪੜ੍ਹੋ : ‘ਲੋੜ ਪਈ ਤਾਂ ਬੈਰੀਕੇਡ ਤੋੜ ਕੇ ਫਸਲ ਲੈ ਕੇ ਸੰਸਦ ’ਚ ਵੜਾਂਗੇ : ਟਿਕੈਤ’

2. ਭਾਰਤ ਬੰਦ ਦਾ ਕਿੱਥੇ-ਕਿੱਥੇ ਹੋਵੇਗਾ ਅਸਰ?
ਸੰਯੁਕਤ ਕਿਸਾਨ ਮੋਰਚਾ ਮੁਤਾਬਕ 26 ਮਾਰਚ ਨੂੰ ‘ਸੰਪੂਰਨ ਰੂਪ’ ਨਾਲ ਭਾਰਤ ਬੰਦ ਰਹੇਗਾ। ਇਸ ਵਾਰ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ 26 ਮਾਰਚ ਦੇ ਭਾਰਤ ਬੰਦ ਦਾ ਅਸਰ ਦਿੱਲੀ ਵਿਚ ਵੀ ਵੇਖਿਆ ਜਾਵੇਗਾ।

ਇਹ ਵੀ ਪੜ੍ਹੋ: 26 ਨਵੰਬਰ 2020 ਤੋਂ ਹੁਣ ਤੱਕ ਜਾਣੋ ਕਿਸਾਨ ਅੰਦੋਲਨ ਦੇ ‘100 ਦਿਨ’ ਦਾ ਪੂਰਾ ਘਟਨਾਕ੍ਰਮ, ਤਸਵੀਰਾਂ ਦੀ ਜ਼ੁਬਾਨੀ

3. ਭਾਰਤ ਬੰਦ ’ਚ ਕੀ-ਕੀ ਰਹੇਗਾ ਬੰਦ?
ਭਾਰਤ ਬੰਦ ਦੌਰਾਨ ਦੇਸ਼ ਭਰ ’ਚ ਰੇਲ ਅਤੇ ਸੜਕੀ ਆਵਾਜਾਈ ਅਤੇ ਬਜ਼ਾਰਾਂ ਨੂੰ ਬੰਦ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਸਵੇਰੇ 6 ਤੋਂ ਸ਼ਾਮ 6 ਵਜੇ ਤੱਕ ਜਨਤਕ ਥਾਵਾਂ ਨੂੰ ਵੀ ਬੰਦ ਰੱਖਿਆ ਜਾਵੇਗਾ। ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਅਸੀਂ ਦੇਸ਼ ਦੀ ਜਨਤਾ ਨੂੰ ਭਾਰਤ ਬੰਦ ਨੂੰ ਸਫ਼ਲ ਬਣਾਉਣ ਅਤੇ ‘ਅੰਨਦਾਤਾ’ ਦਾ ਸਨਮਾਨ ਕਰਨ ਦੀ ਅਪੀਲ ਕਰਦੇ ਹਾਂ। 

ਇਹ ਵੀ ਪੜ੍ਹੋ: ਕਿਸਾਨ ਕੱਲ੍ਹ ਕਰਨਗੇ ਭਾਰਤ ਬੰਦ, 28 ਮਾਰਚ ਨੂੰ ਮਨਾਉਣਗੇ ਕਾਲੀ ਹੋਲੀ

4. ਭਾਰਤ ਬੰਦ ਦੌਰਾਨ ਕੀ-ਕੀ ਖੁੱਲ੍ਹਾ ਰਹੇਗਾ?
ਕਿਸਾਨ ਆਗੂਆਂ ਮੁਤਾਬਕ ਕਿਸੇ ਕੰਪਨੀ ਜਾਂ ਫੈਕਟਰੀ ਨੂੰ ਬੰਦ ਨਹੀਂ ਕਰਵਾਇਆ ਜਾਵੇਗਾ। ਪੈਟਰੋਲ ਪੰਪ, ਮੈਡੀਕਲ ਸਟੋਰ, ਜਨਰਲ ਸਟੋਰ ਵਰਗੀਆਂ ਜ਼ਰੂਰਤ ਵਾਲੀਆਂ ਥਾਵਾਂ ਖੁੱਲ੍ਹੀਆਂ ਰਹਿਣਗੀਆਂ। ਬੰਦ ਦੌਰਾਨ ਸਾਰੀਆਂ ਐਮਰਜੈਂਸੀ ਸਿਹਤ ਸੇਵਾਵਾਂ ਚਾਲੂ ਰਹਿਣਗੀਆਂ। 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਵਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ। 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਮਗਰੋਂ ਕਿਸਾਨਾਂ ਨੇ ਕੁਝ ਦਿਨਾ ਬਾਅਦ ਹੀ ਚੱਕਾ ਜਾਮ ਦਾ ਐਲਾਨ ਕੀਤਾ ਸੀ। ਪਿਛਲੀ ਵਾਰ ਅਸਰ ਇੰਨਾ ਜ਼ਿਆਦਾ ਵੇਖਣ ਨੂੰ ਨਹੀਂ ਮਿਲਿਆ ਸੀ। ਇਸ ਦਰਮਿਆਨ ਸਰਕਾਰ ਨਾਲ ਕਿਸਾਨਾਂ ਦੀ 11ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਅਜੇ ਤੱਕ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ ’ਤੇ ਅੜੇ ਹਨ, ਜਦਕਿ ਸਰਕਾਰ ਸੋਧ ਲਈ ਤਿਆਰ ਹੈ।

Tanu

This news is Content Editor Tanu