ਪਰਾਲੀ ਦੇ ਮੁੱਦੇ 'ਤੇ ਭਗਵੰਤ ਮਾਨ ਨੇ ਸੰਸਦ 'ਚ ਬਣਾਈ 'ਸਰਕਾਰ ਦੀ ਰੇਲ'

11/21/2019 6:13:11 PM

ਨਵੀਂ ਦਿੱਲੀ— ਸੰਗਰੂਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਲੋਕ ਸਭਾ 'ਚ ਅੱਜ ਪ੍ਰਦੂਸ਼ਣ ਨੂੰ ਲੈ ਕੇ ਸੰਸਦ 'ਚ ਸਰਕਾਰ ਨੂੰ ਘੇਰਿਆ। ਪੰਜਾਬੀ 'ਚ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਮੁੱਖ ਵਿਸ਼ਾ ਪਰਾਲੀ ਹੈ। ਪਰਾਲੀ ਦਾ ਧੂੰਆਂ ਪੰਜਾਬ, ਹਰਿਆਣਾ ਜਾਂ ਉੱਤਰ ਪ੍ਰਦੇਸ਼ 'ਚ  ਪ੍ਰਦੂਸ਼ਣ ਕਰਦਾ ਹੈ। ਉਨ੍ਹਾਂ ਨੇ ਅੱਗਿਓਂ ਡਿਪਟੀ ਸਪੀਕਰ ਨੂੰ ਸਵਾਲ ਕੀਤਾ ਕਿ ਪਰਾਲੀ ਵਾਲੀਆਂ ਫਸਲਾਂ ਉਗਾਈਆਂ ਕਿਉਂ ਜਾਂਦੀਆਂ ਹਨ? ਅਸੀਂ ਮੱਕੀ ਬੀਜ ਸਕਦੇ ਹਾਂ। ਬਾਜਰਾ, ਸੂਰਜ ਮੁਖੀ, ਦਾਲਾਂ ਉਗਾ ਸਕਦੇ ਹਾਂ ਪਰ ਮਾਰਕੀਟਿੰਗ ਉਨ੍ਹਾਂ ਦੀ ਹੈ ਨਹੀਂ, ਵੇਚਾਂਗੇ ਕਿੱਥੇ? ਘੱਟ ਤੋਂ ਘੱਟ ਸਮਰੱਥ ਮੁੱਲ (ਐੱਮ. ਐੱਸ. ਪੀ.) ਉਸ ਫਸਲ ਨੂੰ ਦਿੱਤੀ ਗਈ ਹੈ, ਜਿਸ ਤੋਂ ਪਰਾਲੀ ਪੈਦਾ ਹੁੰਦੀ ਹੈ। ਤੁਸੀਂ ਕਿਸੇ ਹੋਰ ਫਸਲ 'ਚ ਫਾਇਦਾ ਦਿਵਾ ਦਿਉ, ਕਿਸਾਨ ਪਰਾਲੀ ਸਾੜਨਾ ਬੰਦ ਕਰ ਦੇਵੇਗਾ। ਪੰਜਾਬ ਦਾ ਕਿਸਾਨ ਪਰਾਲੀ ਸਾੜਨਾ ਨਹੀਂ ਚਾਹੁੰਦਾ, ਸਭ ਤੋਂ ਪਹਿਲਾਂ ਉਸ ਦੇ ਬੱਚਿਆਂ ਦੇ ਫੇਫੜਿਆਂ 'ਚ ਧੂੰਆਂ ਜਾਂਦਾ ਹੈ। ਹੁਣ ਕਿਸਾਨ ਕੋਈ ਗੈਰ-ਕਾਨੂੰਨੀ ਫਸਲ ਤਾਂ ਬੀਜ ਨਹੀਂ ਰਹੇ। ਸਾਨੂੰ ਫਸਲਾਂ ਦਾ ਬਦਲ ਦੇ ਦਿਉ।

ਚਾਵਲ ਕਿਸਾਨਾਂ ਤੋਂ ਲਏ ਜਾ ਰਹੇ ਹਨ ਅਤੇ ਪਰਚੇ ਵੀ ਉਨ੍ਹਾਂ 'ਤੇ ਹੋ ਰਹੇ ਹਨ, ਮਤਲਬ ਅਪਰਾਧੀ ਅੰਨਦਾਤਾ ਬਣ ਗਿਆ। ਸਾਡੀ ਧਰਤੀ 'ਚੋਂ ਪਾਣੀ ਡੂੰਘਾ ਹੋ ਗਿਆ। ਪੰਜਾਬ ਭਾਰੀ ਮਾਤਰਾ 'ਚ ਇਕ ਸੀਜ਼ਨ ਦੇ ਝੋਨੇ ਦੀ ਫਸਲ ਦੀ ਬਿਜਾਈ ਲਈ ਪਾਣੀ ਦੀ ਵਰਤੋਂ ਕਰਦਾ ਹੈ। 500-600 ਫੁੱਟ ਪਾਣੀ ਡੂੰਘਾ ਚਲਾ ਗਿਆ। ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਮਾਰੂਥਲ ਬਣ ਜਾਵੇਗਾ। ਅਸੀਂ (ਕਿਸਾਨ) ਦੋਹਾਂ ਪਾਸਿਓਂ ਮਾਰੇ ਗਏ ਧਰਤੀ ਦੇ ਹੇਠਾਂ ਵੀ ਅਤੇ ਉਪਰ ਵੀ। ਜਦੋਂ ਕਿਸਾਨ ਝੋਨਾ ਉਗਾਉਂਦਾ ਹੈ ਤਾਂ ਪਰਚੇ ਹੁੰਦੇ ਹਨ। ਕਿਸਾਨਾਂ ਦਾ ਕਸੂਰ ਕੀ ਹੈ? ਸਾਨੂੰ ਫਸਲ ਦਾ ਬਦਲ ਦੇ ਦਿਉ। ਸਾਡੀ ਧਰਤੀ ਇੰਨੀ ਉਪਜਾਊ ਹੈ, ਕੁਝ ਵੀ ਬੀਜ ਦਿਉਗੇ ਤਾਂ ਉਗ ਜਾਵੇਗਾ। ਸਿਰਫ ਏ. ਸੀ. ਵਾਲੇ ਕਮਰਿਆਂ 'ਚ ਬੈਠ ਕੇ ਹਰੇ ਰੰਗ ਦੇ ਪੈਨ ਨਾਲ ਆਰਡਰ ਦੇਣ ਨਾਲ ਨਹੀਂ ਚਲੇਗਾ।

Tanu

This news is Content Editor Tanu