ਬਬੀਤਾ ਦੇ ਚੋਣ 'ਦੰਗਲ' 'ਚ ਉਤਰਨ ਨਾਲ ਦਾਦਰੀ ਸੀਟ 'ਤੇ ਲੜਾਈ ਹੋਈ ਦਿਲਚਸਪ

10/14/2019 5:07:45 PM

ਚਰਖੀ ਦਾਦਰੀ (ਭਾਸ਼ਾ)— ਦਾਦਰੀ ਵਿਧਾਨ ਸਭਾ ਸੀਟ ਤੋਂ ਪਹਿਲਵਾਨ ਬਬੀਤਾ ਫੋਗਾਟ ਦੇ ਚੋਣ 'ਦੰਗਲ' ਵਿਚ ਉਤਰਨ ਨਾਲ ਲੜਾਈ ਬੇਹੱਦ ਦਿਲਚਸਪ ਹੋ ਗਈ ਹੈ, ਜਿੱਥੇ ਪਿਛਲੀਆਂ 4 ਚੋਣਾਂ 'ਚ ਕੋਈ ਵੀ ਪਾਰਟੀ ਲਗਾਤਾਰ ਨਹੀਂ ਜਿੱਤੀ ਹੈ। ਭਾਜਪਾ ਉਮੀਦਵਾਰ ਬਬੀਤਾ, ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਦੇ ਸਤਪਾਲ ਸਾਂਗਵਾਨ ਅਤੇ ਕਾਂਗਰਸ ਦੇ ਨਿਰਪੇਂਦਰ ਸਿੰਘ ਵਰਗੇ ਕਦਾਵਰ ਨੇਤਾਵਾਂ ਵਿਰੁੱਧ ਮੈਦਾਨ ਵਿਚ ਹੈ। ਇਹ ਦੋਵੇਂ ਨੇਤਾ ਦਾਦਰੀ ਸੀਟ 'ਤੇ 2,000 ਤੋਂ ਘੱਟ ਵੋਟਾਂ ਦੇ ਫਰਕ ਨਾਲ ਜੇਤੂ ਰਹਿ ਚੁੱਕੇ ਹਨ। ਬਬੀਤਾ ਫੋਗਾਟ 'ਦੰਗਲ' ਫਿਲਮ ਤੋਂ ਬਾਅਦ ਦੇਸ਼ ਦੇ ਹਰ ਘਰ ਦਾ ਜਾਣਿਆ-ਪਛਾਣਿਆ ਨਾਮ ਬਣ ਗਈ ਸੀ। ਇਹ ਫਿਲਮ ਉਨ੍ਹਾਂ ਦੇ ਪਿਤਾ ਅਤੇ ਮੰਨੇ-ਪ੍ਰਮੰਨੇ ਕੁਸ਼ਤੀ ਕੋਚ ਮਹਾਵੀਰ ਫੋਗਾਟ ਅਤੇ ਉਨ੍ਹਾਂ ਦੀ ਭੈਣ ਗੀਤਾ ਦੇ ਸੰਘਰਸ਼ ਬਾਰੇ ਹੈ।

ਰਾਸ਼ਟਰਮੰਡਲ ਖੇਡਾਂ ਦੀ ਤਮਗਾ ਜੇਤੂ ਬਬੀਤਾ ਫੋਗਾਟ ਜਦੋਂ ਵੀ ਚੋਣ ਪ੍ਰਚਾਰ 'ਤੇ ਨਿਕਲਦੀ ਹੈ ਤਾਂ ਪਿੰਡਾਂ ਵਿਚ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਹੁੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ-ਜਦੋਂ ਮੈਂ ਤਮਗੇ ਲੈ ਕੇ ਘਰ ਪਰਤੀ ਤਾਂ ਮੈਨੂੰ ਬਹੁਤ ਜ਼ਿਆਦਾ ਪਿਆਰ ਅਤੇ ਸਨਮਾਨ ਮਿਲਿਆ। ਇਸ ਤੋਂ ਮੈਨੂੰ ਪ੍ਰੇਰਣਾ ਮਿਲੀ ਕਿ ਮੈਂ ਹੋਰ ਵਧ ਸਮਰਪਣ ਨਾਲ ਅਗਲੀ ਪਾਰੀ 'ਚ ਜਾਵਾਂ। ਉਹ ਲੋਕਾਂ ਦੀ ਭੀੜ ਨੂੰ ਕਹਿੰਦੀ ਹੈ ਕਿ ਹੁਣ ਜਦੋਂ ਮੈਂ ਰਾਜਨੀਤੀ ਦੇ ਦੰਗਲ ਵਿਚ ਆ ਗਈ ਹਾਂ ਤਾਂ ਮੈਨੂੰ ਉਸ ਤਰ੍ਹਾਂ ਪਿਆਰ ਅਤੇ ਸਮਰਥਨ ਦੀ ਲੋੜ ਹੈ। 

ਬਬੀਤਾ ਰਾਜਨੀਤੀ ਵਿਚ ਭਾਵੇਂ ਹੀ ਨਵੀਂ ਹੈ ਪਰ ਉਹ ਕਹਿੰਦੀ ਹੈ ਕਿ ਰਾਜਨੀਤੀ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਰਹੀ ਹੈ। ਉਨ੍ਹਾਂ ਦੀ ਮਾਂ ਅਤੇ ਚਾਚਾ ਪਿੰਡ ਦੇ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਾਜਨੀਤੀ ਲੋਕਾਂ ਦੀ ਸੇਵਾ ਦਾ ਜ਼ਰੀਆ ਹੈ। ਜਦੋਂ ਮੈਂ ਲੋਕਾਂ ਵਿਚਾਲੇ ਜਾਂਦੀ ਹਾਂ ਤਾਂ ਅਜਿਹਾ ਕੁਝ ਨਹੀਂ ਲੱਗਦਾ ਕਿ ਮੈਂ ਨਵੀਂ ਹਾਂ। ਇੱਥੇ ਹਰ ਕੋਈ ਮੇਰੇ ਨਾਲ ਆਪਣੀ ਧੀ ਵਾਂਗ ਵਿਵਹਾਰ ਕਰਦਾ ਹੈ। ਬਬੀਤਾ ਭਾਜਪਾ ਪਾਰਟੀ ਵਲੋਂ ਇਸ ਵਾਰ ਵਿਧਾਨ ਸਭਾ ਚੋਣ ਮੈਦਾਨ ਵਿਚ ਉਤਾਰੇ ਗਏ 3 ਖਿਡਾਰੀਆਂ 'ਚੋਂ ਇਕ ਹੈ। ਬਬੀਤਾ ਕੇਂਦਰ ਦੀ 'ਬੇਟੀ ਬਚਾਓ ਬੇਟੀ ਪੜ੍ਹਾਓ' ਦੀ ਸ਼ਲਾਘਾ ਕਰਦੀ ਹੈ ਅਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੱਡੀ ਪ੍ਰਸ਼ੰਸਕ ਹੈ।

Tanu

This news is Content Editor Tanu