ਐੱਨ. ਜੀ. ਟੀ. ਦਾ ਸ਼ਿਵ ਭਗਤਾਂ ਨੂੰ ਝਟਕਾ, ਬਾਬਾ ਬਰਫਾਨੀ ''ਤੇ ਨਹੀਂ ਚੜ੍ਹੇਗਾ ਨਾਰੀਅਲ

11/16/2017 11:21:04 AM

ਜੰਮੂ— ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਤੈਅ ਕਰਨ ਮਗਰੋਂ ਰਾਸ਼ਟਰੀ ਹਰਿਆਲੀ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਬਾਬਾ ਅਮਰਨਾਥ ਯਾਤਰਾ ਸਬੰਧੀ ਜ਼ਰੂਰੀ ਹੁਕਮ ਜਾਰੀ ਕੀਤੇ ਹਨ। ਐੱਨ. ਜੀ. ਟੀ. ਨੇ ਯਾਤਰਾ ਆਯੋਜਿਤ ਕਰਵਾਉਣ ਵਾਲੇ ਅਮਰਨਾਥ ਸ਼੍ਰਾਈਨ ਬੋਰਡ ਨੂੰ ਝਾੜ ਪਾਉਂਦਿਆਂ ਪੁੱਛਿਆ ਕਿ 2012 'ਚ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਿਉਂ ਨਹੀਂ ਹੋ ਰਹੀ ?
ਕੋਰਟ ਨੇ ਬੋਰਡ ਕੋਲੋਂ ਇਸ 'ਤੇ ਸਟੇਟਸ  ਰਿਪੋਰਟ ਮੰਗੀ ਹੈ। ਐੱਨ. ਜੀ. ਟੀ. ਦੇ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਬਰਫ ਦੇ ਤੋਦੇ ਡਿੱਗਣ ਤੋਂ ਬਚਣ ਲਈ ਅਮਰਨਾਥ ਗੁਫਾ ਨੂੰ ਸ਼ਾਂਤ ਇਲਾਕਾ ਐਲਾਨਿਆ ਜਾਣਾ ਚਾਹੀਦਾ ਹੈ। ਨਾਲ ਹੀ ਐੱਨ. ਜੀ. ਟੀ. ਨੇ ਮਹੱਤਵਪੂਰਨ ਸਲਾਹ 'ਚ ਕਿਹਾ ਕਿ ਅਮਰਨਾਥ ਗੁਫਾ 'ਚ ਭਗਵਾਨ ਸ਼ੰਕਰ ਨੂੰ ਚੜ੍ਹਾਏ ਜਾਣ ਵਾਲੇ ਨਾਰੀਅਲ 'ਤੇ ਵੀ ਰੋਕ ਲਾਉਣੀ ਚਾਹੀਦੀ ਹੈ। ਦਰਅਸਲ  ਐੱਨ. ਜੀ. ਟੀ. ਦਾ ਮੰਨਣਾ ਹੈ ਕਿ ਨਾਰੀਅਲ ਸਮੇਤ ਪੂਜਾ ਸਮਗੱਰੀ ਗੁਫਾ ਦੇ ਨੇੜੇ-ਤੇੜੇ ਸੁੱਟੇ ਜਾਣ 'ਤੇ ਉਸ ਨੂੰ ਹਟਾਏ ਨਾ ਜਾਣ ਕਾਰਨ ਗੁਫਾ ਦੇ
ਆਸ-ਪਾਸ ਸਫਾਈ ਨਹੀਂ ਰਹਿੰਦੀ।
ਐੱਨ. ਜੀ. ਟੀ. ਨੇ ਅਮਰਨਾਥ ਸ਼੍ਰਾਈਨ ਬੋਰਡ ਵਲੋਂ ਬਣਾਈ ਗਈ ਵਾਤਾਵਰਣ ਸੁਰੱਖਿਆ ਕਮੇਟੀ ਕੋਲੋਂ ਪੁੱਛਿਆ ਹੈ ਕਿ ਸ਼ਰਾਈਨ ਦੇ ਆਸਪਾਸ ਬਣੀਆਂ ਦੁਕਾਨਾਂ ਅਤੇ ਟਾਇਲਟ ਅਜੇ ਤਕ ਕਿਉਂ ਨਹੀਂ ਹਟਾਏ ਗਏ। ਐੱਨ. ਜੀ. ਟੀ. ਨੇ ਤੀਰਥ ਯਾਤਰੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਕਾਰਜ ਯੋਜਨਾ ਪੇਸ਼ ਕਰਨ ਲਈ ਵਾਤਾਵਰਣ ਮੰਤਰਾਲਾ ਦੇ ਐਡੀਸ਼ਨਲ ਸਕੱਤਰ ਦੀ ਪ੍ਰਧਾਨਗੀ 'ਚ ਮਾਹਿਰਾਂ ਦੀ ਇਕ ਕਮੇਟੀ ਗਠਿਤ ਕੀਤੀ ਹੈ। ਐੱਨ. ਜੀ. ਟੀ. ਨੇ ਸ਼੍ਰਾਈਨ ਬੋਰਡ ਨੂੰ ਹੁਕਮ ਦਿੱਤਾ ਹੈ ਕਿ ਉਹ ਸੁਪਰੀਮ ਕੋਰਟ ਵਲੋਂ 2012 'ਚ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਸਬੰਧੀ ਸਥਿਤੀ ਰਿਪੋਰਟ ਵੀ ਪੇਸ਼ ਕਰੇ। ਐੱਨ. ਜੀ. ਟੀ. ਨੇ ਕਮੇਟੀ ਨੂੰ ਕਿਹਾ ਕਿ ਉਹ ਦਸੰਬਰ ਦੇ ਪਹਿਲੇ ਹਫਤੇ 'ਚ ਸਥਿਤੀ ਰਿਪੋਰਟ ਪੇਸ਼ ਕਰੇ।