ਉੱਤਰਾਖੰਡ ''ਚ ਬਰਫ਼ ਦਾ ਤੂਫ਼ਾਨ: ਪ੍ਰਸਿੱਧ ਪਰਬਤਾਰੋਹੀ ਸਵਿਤਾ ਕੰਸਵਾਲ ਦੀ ਮੌਤ

10/05/2022 4:16:20 PM

ਉੱਤਰਾਕਾਸ਼ੀ- ਉੱਤਰਾਕਾਸ਼ੀ ਜ਼ਿਲ੍ਹੇ ’ਚ 17,000 ਫੁੱਟ ਦੀ ਉੱਚਾਈ ’ਤੇ ਬਰਫ਼ ਦਾ ਤੂਫ਼ਾਨ ਆਉਣ ਕਾਰਨ ਜਾਨ ਗੁਆਉਣ ਵਾਲਿਆਂ ’ਚ ਮਸ਼ਹੂਰ ਪਰਬਤਾਰੋਹੀ ਸਵਿਤਾ ਕੰਸਵਾਲ ਵੀ ਸ਼ਾਮਲ ਹੈ। ਸਵਿਤਾ ਨੇ 15 ਦਿਨ ਦੇ ਅੰਦਰ ਮਾਊਂਟ ਐਵਰੈਸਟ ਅਤੇ ਮਾਊਂਟ ਮਾਕਾਲੂ ’ਤੇ ਚੜ੍ਹਾਈ ਕਰ ਕੇ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਸੀ। ਉਸਨੇ 12 ਮਈ 2022 ਨੂੰ ਮਾਊਂਟ ਐਵਰੈਸਟ 'ਤੇ ਤਿਰੰਗਾ ਲਹਿਰਾਇਆ ਅਤੇ 28 ਮਈ ਨੂੰ ਮਾਕਾਲੂ (8463 ਮੀਟਰ) ਨੂੰ ਸਫਲਤਾਪੂਰਵਕ ਝੰਡਾ ਲਹਿਰਾਇਆ। ਉੱਤਰਾਕਾਸ਼ੀ ਸਥਿਤ ਨਹਿਰੂ ਪਰਬਤਾਰੋਹੀ ਸੰਸਥਾ (NIM) ਦੇ ਪ੍ਰਧਾਨ ਕਰਨਲ ਅਮਿਤ ਬਿਸ਼ਟ ਨੇ ਬੁੱਧਵਾਰ ਨੂੰ ਸਵਿਤਾ ਕੰਸਵਾਲ ਦੀ ਮੌਤ ਦੀ ਪੁਸ਼ਟੀ ਕੀਤੀ। 

ਹੁਣ ਤੱਕ ਬਰਾਮਦ ਕੀਤੀਆਂ ਗਈਆਂ ਲਾਸ਼ਾਂ ’ਚ ਉਨ੍ਹਾਂ ਦੀ ਲਾਸ਼ ਵੀ ਸ਼ਾਮਲ ਹੈ। ਬਰਫ਼ ਖਿਸਕਣ ਦੀ ਘਟਨਾ ਮੰਗਲਵਾਰ ਉਸ ਸਮੇਂ ਵਾਪਰੀ, ਜਦੋਂ ਪਰਬਤਾਰੋਹੀਆਂ ਦੇ 41 ਮੈਂਬਰਾਂ ਦੀ ਇਕ ਟੀਮ ਸ਼ਿਖਰ ਤੋਂ ਵਾਪਸ ਪਰਤ ਰਹੀ ਸੀ। ਸਵਿਤਾ ਕੰਸਵਾਲ ਦੀ ਮੌਤ ਦੀ ਖ਼ਬਰ ਨਾਲ ਉਨ੍ਹਾਂ ਦੇ ਪਿੰਡ ਲੋਂਥਰੂ ’ਚ ਮਾਤਮ ਛਾ ਗਿਆ ਹੈ। ਕਰਨਲ ਬਿਸ਼ਟ ਨੇ ਕਿਹਾ ਕਿ ਕੰਸਵਾਲ ਨੇ ਖੇਤਰ ਵਿਚ ਮੁਕਾਬਲਤਨ ਨਵੇਂ ਹੋਣ ਦੇ ਬਾਵਜੂਦ ਪਰਬਤਾਰੋਹੀ ਦੀ ਦੁਨੀਆ ਵਿਚ ਆਪਣੇ ਲਈ ਇਕ ਖ਼ਾਸ ਥਾਂ ਬਣਾ ਲਈ ਸੀ। 

ਕੰਸਵਾਲ ਨੇ ਆਪਣਾ 'ਬੇਸਿਕ, ਐਡਵਾਂਸਡ, ਸਰਚ ਐਂਡ ਰੈਸਕਿਊ' ਅਤੇ ਮਾਊਂਟੇਨੀਅਰਿੰਗ ਇੰਸਟ੍ਰਕਟਰ ਦਾ ਕੋਰਸ 2013 ਵਿਚ NIM ਤੋਂ ਕੀਤਾ ਸੀ ਅਤੇ 2018 ਤੋਂ ਇੰਸਟੀਚਿਊਟ ਵਿਚ ਇਕ ਇੰਸਟ੍ਰਕਟਰ ਵਜੋਂ ਕੰਮ ਕਰ ਰਹੀ ਸੀ। ਕਰਨਲ ਬਿਸ਼ਟ ਨੇ ਕਿਹਾ ਕਿ ਕੰਸਵਾਲ ਸੰਸਥਾ ਦੇ ਸਰਵੋਤਮ ਇੰਸਟ੍ਰਕਟਰਾਂ ਵਿਚੋਂ ਇਕ ਸੀ। ਰਾਧੇਸ਼ਿਆਮ ਕੰਸਵਾਲ ਅਤੇ ਕਮਲੇਸ਼ਵਰੀ ਦੇਵੀ ਦੇ ਘਰ ਜਨਮੀ ਕੰਸਵਾਲ ਚਾਰ ਭੈਣਾਂ ਵਿਚੋਂ ਸਭ ਤੋਂ ਛੋਟੀ ਸੀ। ਕਰਨਲ ਬਿਸ਼ਟ ਨੇ ਕਿਹਾ ਕਿ ਕੰਸਵਾਲ ਦਾ ਨਿਮਰਤਾ ਵਾਲਾ ਸੁਭਾਅ ਸੀ ਅਤੇ ਉਹ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੀ ਹਿੰਮਤ ਅਤੇ ਜੋਸ਼ ਰੱਖਦੀ ਸੀ।

Tanu

This news is Content Editor Tanu