ਆਸਟ੍ਰੇਲੀਆ ਨੇ ਪੂਰਬੀ ਏਸ਼ੀਆ ''ਚ ਭਾਰਤ ਦੀ ਵੱਡੀ ਭੂਮਿਕਾ ਦਾ ਕੀਤਾ ਸਮਰਥਨ

12/14/2017 3:27:17 PM

ਕੈਨਬਰਾ/ਨਵੀਂ ਦਿੱਲੀ— ਅਮਰੀਕਾ ਤੋਂ ਬਾਅਦ ਆਸਟ੍ਰੇਲੀਆ ਨੇ ਵੀ ਪੂਰਬੀ ਏਸ਼ੀਆ 'ਚ ਭਾਰਤ ਦੀ ਵੱਡੀ ਭੂਮਿਕਾ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ। ਆਸਟ੍ਰੇਲੀਆ ਦੀ ਵਿਦੇਸ਼ ਸਕੱਤਰ ਫਰਾਂਸਿਸ ਐਡਮਸਨ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਨੂੰ ਖੁੱਲ੍ਹਾ ਰੱਖਣ ਅਤੇ ਇਸ ਨੂੰ ਸਥਿਰ ਬਣਾ ਕੇ ਰੱਖਣ ਦੇ ਸੰਦਰਭ 'ਚ ਦੋਹਾਂ ਦੇਸ਼ਾਂ ਦੇ ਸੁਰੱਖਿਆ ਸੰਬੰਧੀ ਹਿੱਤ ਬਰਾਬਰ ਹਨ। ਐਡਮਸਨ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿਚ ਵਿਵਸਥਾ ਬਣਾ ਕੇ ਰੱਖਣ ਲਈ ਭਾਰਤ ਅਤੇ ਹੋਰ ਦੇਸ਼ਾਂ ਨਾਲ ਕੈਨਬਰਾ ਤਿੰਨ-ਪੱਖੀ ਗੱਲਬਾਤ ਉਸ ਦੀ ਰਣਨੀਤੀ ਦਾ ਕੇਂਦਰ ਹੈ।
ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਪੂਰਬੀ-ਏਸ਼ੀਆ 'ਚ ਭਾਰਤ ਦੇ ਰਣਨੀਤੀਕ ਹਿੱਤਾਂ ਦਾ ਮਜ਼ਬੂਤੀ ਨਾਲ ਸਮਰਥਨ ਕਰਦਾ ਹੈ। ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਵੀ ਹਿੰਦ-ਪ੍ਰਸ਼ਾਂਤ ਖੇਤਰ ਵਿਚ ਭਾਰਤ ਦੀ ਵੱਡੀ ਭੂਮਿਕਾ ਦਾ ਪੱਖ ਲੈਂਦੇ ਆਇਆ ਹੈ। ਬੀਤੇ ਬੁੱਧਵਾਰ ਨੂੰ ਰਾਜਧਾਨੀ ਦਿੱਲੀ 'ਚ ਭਾਰਤ, ਆਸਟ੍ਰੇਲੀਆ ਅਤੇ ਜਾਪਾਨ ਦਰਮਿਆਨ ਤਿੰਨ-ਪੱਖੀ ਗੱਲਬਾਤ ਹੋਈ। ਵਿਦੇਸ਼ ਸਕੱਤਰ ਐੱਸ. ਜੈਸ਼ੰਕਰ ਨੇ ਆਸਟ੍ਰੇਲੀਆ ਦੇ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਦੀ ਸੈਕ੍ਰੇਟਰੀ ਫਰਾਂਸਿਸ ਐਡਮਸਨ ਅਤੇ ਜਾਪਾਨ ਦੇ ਵਿਦੇਸ਼ ਉੱਪ ਮੰਤਰੀ ਸ਼ਿੰਸ਼ੁਕੇ. ਜੇ. ਸੁਗੀਯਾਮਾ ਨਾਲ ਬੈਠਕ ਕੀਤੀ। ਤਿੰਨਾਂ ਪੱਖਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਾਡੇ ਹਿੱਤ ਆਪਸ ਵਿਚ ਮਿਲ ਰਹੇ ਹਨ। ਖੇਤਰ ਵਿਚ ਨਿਯਮਾਂ 'ਤੇ ਆਧਾਰਿਤ ਵਿਵਸਥਾ, ਆਰਥਿਕ ਵਿਕਾਸ, ਲੋਕਤੰਤਰ ਅਤੇ ਸ਼ਾਂਤੀ ਲਈ ਅਸੀਂ ਮਿਲ ਕੇ ਕੰਮ ਕਰਾਂਗੇ।