ਗੁਪਤਾ ਭਰਾਵਾਂ ''ਤੇ ਔਲੀ ''ਚ ਗੰਦਗੀ ਫੈਲਾਉਣ ਕਾਰਨ ਲੱਗਾ ਢਾਈ ਲੱਖ ਦਾ ਜੁਰਮਾਨਾ

07/01/2019 4:45:43 PM

ਦੇਹਰਾਦੂਨ— ਉੱਤਰਾਖੰਡ ਦੀ ਜੋਸ਼ੀਮਠ ਨਗਰਪਾਲਿਕਾ ਨੇ ਪ੍ਰਵਾਸੀ ਭਾਰਤੀ ਕਾਰੋਬਾਰੀ ਗੁਪਤਾ ਭਰਾਵਾਂ 'ਤੇ 'ਸਕੀ ਰਿਜ਼ਾਰਟ' ਔਲੀ 'ਚ ਆਪਣੇ ਪੁੱਤਰਾਂ ਦੇ ਵਿਆਹ ਦੌਰਾਨ ਗੰਦਗੀ ਅਤੇ ਕੂੜਾ ਫੈਲਾਉਣ 'ਤੇ ਢਾਈ ਲੱਖ ਰੁਪਏ ਦਾ ਜੁਰਮਾਨਾ ਠੋਕਿਆ ਹੈ। ਇੱਥੇ ਦੱਸ ਦੇਈਏ ਕਿ ਗੁਪਤਾ ਭਰਾਵਾਂ ਨੇ ਆਪਣੇ ਪੁੱਤਰਾਂ ਦੇ ਵਿਆਹਾਂ ਲਈ ਉੱਤਰਾਖੰਡ ਦੇ ਔਲੀ ਨੂੰ ਚੁਣਿਆ ਸੀ ਅਤੇ ਇਨ੍ਹਾਂ ਵਿਆਹਾਂ 'ਤੇ 200 ਕਰੋੜ ਰੁਪਏ ਤਕ ਖਰਚਿਆ ਗਿਆ ਸੀ। ਜੋਸ਼ੀਮਠ ਨਗਰਪਾਲਿਕਾ ਦੇ ਅਧਿਕਾਰੀ ਸੱਤਿਆਪਾਲ ਨੌਟੀਆਲ ਨੇ ਦੱਸਿਆ ਕਿ ਗੁਪਤਾ ਭਰਾਵਾਂ 'ਤੇ ਡੇਢ ਲੱਖ ਰੁਪਏ ਦਾ ਜੁਰਮਾਨਾ ਉੱਥੇ ਖੁੱਲ੍ਹੇ ਵਿਚ ਟਾਇਲਟ ਕਰਨ ਅਤੇ ਇਕ ਲੱਖ ਰੁਪਏ ਦਾ ਜੁਰਮਾਨਾ ਕੂੜਾ ਫੈਲਾਉਣ 'ਤੇ ਲਾਇਆ ਗਿਆ ਹੈ।

ਇਸ ਤੋਂ ਇਲਾਵਾ ਨਗਰ ਪਾਲਿਕਾ ਨੇ 8 ਲੱਖ ਰੁਪਏ ਦਾ ਬਿੱਲ ਵਿਆਹ ਆਯੋਜਨ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਇਵੈਂਟ ਮੈਨੇਜਮੈਂਟ ਕੰਪਨੀ 'ਤੇ ਔਲੀ ਤੋਂ ਕੂੜਾ ਚੁੱਕਣ 'ਤੇ ਆਏ ਖਰਚ ਦੀ ਵਸੂਲੀ ਦੇ ਰੂਪ ਵਿਚ ਭੇਜਿਆ ਹੈ। ਉੱਥੇ ਹੀ ਗੁਪਤਾ ਭਰਾਵਾਂ ਨੇ ਨਗਰ ਪਾਲਿਕਾ ਨੂੰ ਸਾਰੇ ਬਿੱਲ ਚੁਕਾਉਣ ਦੀ ਹਾਮੀ ਭਰ ਦਿੱਤੀ ਹੈ ਅਤੇ ਉਹ ਜੁਰਮਾਨਾ ਵੀ ਭਰਨ ਨੂੰ ਤਿਆਰ ਹਨ। 

ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ 19-20 ਤਰੀਕ ਨੂੰ ਅਜੇ ਗੁਪਤਾ ਦੇ ਪੁੱਤਰ ਸੂਰਈਆ ਕਾਂਤ ਅਤੇ 21-22 ਤਰੀਕ ਨੂੰ ਅਤੁਲ ਗੁਪਤਾ ਦੇ ਪੁੱਤਰ ਸ਼ਸ਼ਾਂਕਾ ਦਾ ਔਲੀ ਵਿਚ ਵਿਆਹ ਹੋਇਆ ਸੀ, ਜਿਸ 'ਚ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ, ਯੋਗ ਗੁਰੂ ਬਾਬਾ ਰਾਮਦੇਵ ਅਤੇ ਅਭਿਨੇਤਰੀ ਕੈਟਰੀਨਾ ਕੈਫ ਵਰਗੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ।

ਔਲੀ ਨੂੰ ਕੂੜਾ ਅਤੇ ਟਾਇਲਟ ਤੋਂ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਗੁਪਤਾ ਭਰਾ ਅਜੇ ਅਤੇ ਅਤੁਲ ਦੱਖਣੀ ਅਫਰੀਕਾ ਵਿਚ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਹਨ, ਉਨ੍ਹਾਂ ਦਾ ਨਾਂ ਪਿਛਲੇ ਸਾਲ ਚਰਚਾ 'ਚ ਆਇਆ ਸੀ, ਜਦੋਂ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਜੈਕਬ ਜੁਮਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ ਅਤੇ ਜਾਂਚ ਦੇ ਘੇਰੇ 'ਚ ਵੀ ਉਹ ਆ ਗਏ ਸਨ।

ਜੁਮਾ ਦੇ ਕਰੀਬੀ ਮੰਨੇ ਜਾਣ ਵਾਲੇ ਗੁਪਤਾ ਭਰਾਵਾਂ ਵਿਰੁੱਧ ਦੱਖਣੀ ਅਫਰੀਕੀ ਏਜੰਸੀਆਂ ਉਨ੍ਹਾਂ ਵਲੋਂ ਜੁਮਾ ਦੇ ਕਾਰਜਕਾਲ ਦੌਰਾਨ ਗੈਰ-ਕਾਨੂੰਨੀ ਰੂਪ ਨਾਲ ਸੰਪੱਤੀ ਜਮਾ ਕਰਨ ਦੇ ਦੋਸ਼ਾਂ ਦੀ ਜਾਂਚ ਕਰ ਰਹੀਆਂ ਹਨ।

Tanu

This news is Content Editor Tanu