Big Breaking: ਅਤੀਕ ਅਹਿਮਦ ਤੇ ਅਸ਼ਰਫ਼ ਦਾ ਗੋਲ਼ੀਆਂ ਮਾਰ ਕੇ ਕਤਲ

04/16/2023 5:08:14 AM

ਨੈਸ਼ਨਲ ਡੈਸਕ: ਉੱਤਰ ਪ੍ਰਦੇਸ਼ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਮਾਫ਼ੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਤੇ ਉਸ ਦੇ ਭਰਾ ਅਸ਼ਰਫ਼ ਅਹਿਮਦ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਦੋਵੇਂ ਉਮੇਸ਼ ਕਤਲਕਾਂਡ ਦੇ ਦੋਸ਼ ਹੇਠ ਪੁਲਸ ਹਿਰਾਸਤ ਵਿਚ ਸਨ। 

ਮੁੱਢਲੀ ਜਾਣਕਾਰੀ ਮੁਤਾਬਕ ਦੋਵਾਂ ਨੂੰ ਕਾੱਲਵਿਨ ਹਸਪਤਾਲ ਵਿਚ ਮੈਡੀਕਲ ਟੈਸਟ ਲਈ ਲਿਜਾਂਦੇ ਸਮੇਂ ਤਿੰਨ ਹਮਲਾਵਰਾਂ ਨੇ ਗੋਲ਼ੀਆਂ ਮਾਰ ਦਿੱਤੀਆਂ। ਜਿਸ ਵਿਚ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਤੀਕ ਤੇ ਅਸ਼ਰਫ਼ ਦਾ ਕਤਲ ਕਰਨ ਵਾਲੇ ਹਮਲਾਵਰਾਂ ਨੇ ਪੁਲਸ ਮੂਹਰੇ ਸਰੰਡਰ ਕਰ ਦਿੱਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੰਨੀ, ਲਵਲੇਸ਼ ਤੇ ਅਰੁਣ ਵਜੋਂ ਦੱਸੀ ਜਾ ਰਹੀ ਹੈ। ਹਾਲਾਂਕਿ ਪੁਲਸ ਇਸ ਕਤਲਕਾਂਡ ਤੇ ਮੁਲਜ਼ਮਾਂ ਦੇ ਸਰੰਡਰ ਬਾਰੇ ਕੁੱਝ ਬੋਲਣ ਨੂੰ ਤਿਆਰ ਨਹੀਂ ਹੈ। 

ਮੀਡੀਆ ਨਾਲ ਗੱਲਬਾਤ ਕਰਦਿਆਂ ਮੱਥੇ 'ਤੇ ਮਾਰੀਆਂ ਗੋਲ਼ੀਆਂ

ਅਤੀਕ ਅਤੇ ਅਸ਼ਰਫ਼ ਨੂੰ ਜਦੋਂ ਗੋਲ਼ੀਆਂ ਮਾਰੀਆਂ ਗਈਆਂ, ਉਸ ਵੇਲੇ ਉਹ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਜਾ ਰਹੇ ਸਵਾਲਾਂ ਵਿਚਾਲੇ ਹਮਲਾਵਰਾਂ ਨੇ ਅਚਾਨਕ ਆ ਕੇ ਅਤੀਕ ਦੇ ਮੱਥੇ 'ਤੇ ਪਿਸਤੌਲ ਰੱਖ ਕੇ ਬਿਲਕੁੱਲ ਨੇੜਿਓਂ ਗੋਲ਼ੀ ਮਾਰ ਦਿੱਤੀ। ਫਿਰ ਦੋਵਾਂ ਭਰਾਵਾਂ 'ਤੇ ਇਕ ਤੋਂ ਬਾਅਦ ਇਕ ਕਈ ਰਾਊਂਡ ਫ਼ਾਇਰ ਕੀਤੇ ਗਏ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਪੁਲਸ ਮੁਤਾਬਕ ਹਮਲਾਵਰ ਵੀ ਮੀਡੀਆ ਕਰਮੀਆਂ ਦੇ ਰੂਪ ਵਿਚ ਹੀ ਉੱਥੇ ਆਏ ਸਨ।

ਕਾਂਸਟੇਬਲ ਨੂੰ ਵੀ ਲੱਗੀ ਗੋਲ਼ੀ, ਹਸਪਤਾਲ 'ਚ ਦਾਖ਼ਲ

ਇਸ ਕਤਲਕਾਂਡ ਦੌਰਾਨ ਇਕ ਕਾਂਸਟੇਬਲ ਨੂੰ ਵੀ ਗੋਲ਼ੀ ਲੱਗੀ ਹੈ। ਜ਼ਖ਼ਮੀ ਕਾਂਸਟੇਬਲ ਦੀ ਪਛਾਣ ਮਾਨ ਸਿੰਘ ਵਜੋਂ ਦੱਸੀ ਜਾ ਰਹੀ ਹੈ। ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਦਿੱਲੀ 'ਚ ਵੱਡੀ ਵਾਰਦਾਤ: ਦਫ਼ਤਰ 'ਚ ਬੈਠੇ ਭਾਜਪਾ ਆਗੂ ਦਾ ਸ਼ਰੇਆਮ ਗੋਲ਼ੀਆਂ ਵਰ੍ਹਾ ਕੇ ਕਤਲ

2 ਦਿਨ ਪਹਿਲਾਂ ਹੋਇਆ ਸੀ ਪੁੱਤ ਦਾ ਐਨਕਾਊਂਟਰ

ਜ਼ਿਕਰਯੋਗ ਹੈ ਕਿ 13 ਅਪ੍ਰੈਲ ਨੂੰ ਉੱਤਰ ਪ੍ਰਦੇਸ਼ STF ਦੀ ਟੀਮ ਨੇ ਅਤੀਕ ਅਹਿਮਦ ਦੇ ਪੁੱਤਰ ਅਸਦ ਨੂੰ ਪੁਲਸ ਮੁਕਾਬਲੇ ਦੌਰਾਨ ਝਾਂਸੀ 'ਚ ਮਾਰ ਮੁਕਾਇਆ। ਉਸ ਤੋਂ ਇਲਾਵਾ ਇਕ ਹੋਰ ਬਦਮਾਸ਼ ਗੁਲਾਮ ਨੂੰ ਵੀ ਪੁਲਸ ਨੇ ਢੇਰ ਕਰ ਦਿੱਤਾ ਗਿਆ। ਦੋਵੇਂ ਪ੍ਰਯਾਗਰਾਜ ਦੇ ਉਮੇਸ਼ ਪਾਲ ਕਤਲਕਾਂਡ ਵਿਚ ਲੋੜੀਂਦੇ ਸਨ ਅਤੇ ਹਰੇਕ 'ਤੇ 5-5 ਲੱਖ ਰੁਪਏ ਦਾ ਇਨਾਮ ਸੀ। ਝਾਂਸੀ ਵਿਚ ਡੀ. ਐੱਸ. ਪੀ ਨਵੇਂਦੂ ਅਤੇ ਡੀ. ਐੱਸ. ਪੀ ਵਿਮਲ ਦੀ ਅਗਵਾਈ 'ਚ ਉੱਤਰ ਪ੍ਰਦੇਸ਼ STF ਟੀਮ ਨਾਲ ਮੁਕਾਬਲੇ ਦੌਰਾਨ ਦੋਵੇਂ ਮਾਰੇ ਗਏ ਸਨ ਤੇ ਉਨ੍ਹਾਂ ਤੋਂ ਵਿਦੇਸ਼ 'ਚ ਬਣੇ ਅਤਿ-ਆਧੁਨਿਕ ਹਥਿਆਰ ਵੀ ਬਰਾਮਦ ਕੀਤੇ ਗਏ ਸਨ।

ਇਹ ਖ਼ਬਰ ਵੀ ਪੜ੍ਹੋ - ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਾਰੇ ਬੋਲੇ ਜੈਜ਼ੀ ਬੀ, ਕਿਹਾ - "ਸਿੱਧੂ ਨਾਲ ਕੰਮ ਕਰਨਾ ਸੀ ਪਰ..."

2005 'ਚ ਬਸਪਾ ਵਿਧਾਇਕ ਸਣੇ 4 ਵਿਅਕਤੀਆਂ ਦਾ ਕੀਤਾ ਸੀ ਕਤਲ

ਸਾਲ 2005 'ਚ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਰਾਜੂ ਪਾਲ ਦੇ ਕਤਲ ਮਾਮਲੇ ਦੇ ਮੁੱਖ ਗਵਾਹ ਉਮੇਸ਼ ਪਾਲ ਅਤੇ ਉਸ ਦੇ ਦੋ ਸੁਰੱਖਿਆ ਗਾਰਡਾਂ ਦੀ ਇਸ ਸਾਲ 24 ਫਰਵਰੀ ਨੂੰ ਪ੍ਰਯਾਗਰਾਜ ਦੇ ਧੂਮਨਗੰਜ ਇਲਾਕੇ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਮੇਸ਼ ਪਾਲ ਦੀ ਪਤਨੀ ਜਯਾ ਪਾਲ ਦੀ ਸ਼ਿਕਾਇਤ 'ਤੇ 25 ਫਰਵਰੀ ਨੂੰ ਅਤੀਕ, ਉਸ ਦੇ ਛੋਟੇ ਭਰਾ ਅਸ਼ਰਫ, ਪਤਨੀ ਸ਼ਾਇਸਤਾ ਪਰਵੀਨ, ਦੋ ਪੁੱਤਾਂ, ਸਾਥੀ ਗੁੱਡੂ ਮੁਸਲਿਮ ਅਤੇ ਗੁਲਾਮ ਤੇ 9 ਹੋਰ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra