ਬੇਟੀ ਨੇ ਗੰਗਾ 'ਚ ਵਿਸਰਜਿਤ ਕੀਤੀਆਂ ਵਾਜਪਾਈ ਦੀਆਂ ਅਸਥੀਆਂ, ਸ਼ਾਹ-ਰਾਜਨਾਥ ਵੀ ਰਹੇ ਮੌਜੂਦ

08/19/2018 5:45:49 PM

ਨਵੀਂ ਦਿੱਲੀ—ਸਾਬਕਾ ਪ੍ਰਧਾਨਮੰਤਰੀ ਅਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਅੱਜ ਯਾਨੀ ਐਤਵਾਰ ਨੂੰ ਹਰਿਦੁਆਰ 'ਚ ਗੰਗਾ ਨਦੀ 'ਚ ਪ੍ਰਵਾਹਿਤ ਕੀਤੀਆਂ ਗਈਆਂ। ਵਾਜਪਾਈ ਨਾਲ ਜੁੜੇ ਸੂਤਰਾਂ ਮੁਤਾਬਕ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾ ਅਸਥੀਆਂ ਲੈ ਕੇ ਦਿੱਲੀ ਤੋਂ ਹਰਿਦੁਆਰ ਗਏ। ਉਨ੍ਹਾਂ ਦੇ ਨਾਲ ਵਾਜਪਾਈ ਦੇ ਪਰਿਵਾਰ ਦੇ ਮੈਂਬਰ ਵੀ ਮੌਜੂਦ ਸਨ।
 

ਇਸ ਤੋਂ ਪਹਿਲਾਂ ਐਤਵਾਰ ਸਵੇਰੇ ਅਟਲ ਜੀ ਦੀ ਬੇਟੀ ਨਮਿਤਾ ਅਤੇ ਦੋਹਤੀ ਨਿਹਾਰਿਕਾ ਨੇ ਸਮ੍ਰਿਤੀ ਸਥਾਨ 'ਤੇ ਪੁੱਜ ਕੇ ਉਨ੍ਹਾਂ ਦੀਆਂ ਅਸਥੀਆਂ ਨੂੰ ਇੱਕਠਾ ਕੀਤਾ। ਭਾਜਪਾ ਨੇਤਾ ਭੁਪੇਂਦਰ ਯਾਦਵ ਨੇ ਦੱਸਿਆ ਕਿ ਵਿਸਰਜਨ 'ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ, ਉਤਰਾਖੰਡ ਦੇ ਮੁੱਖਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਸਮੇਤ ਹੋਰ ਨੇਤਾ ਸ਼ਾਮਲ ਹੋਏ। ਅਸਥੀਆਂ ਵਿਸਰਜਿਤ ਕਰਨ ਤੋਂ ਪਹਿਲਾਂ ਭੱਲਾ ਕਾਲਜ ਗਰਾਊਂਡ ਤੋਂ ਲੈ ਕੇ ਹਰਿ ਕੀ ਪੌੜੀ ਘਾਟ ਤੱਕ ਕਲਸ਼ ਯਾਤਰਾ ਕੱਢੀ ਗਈ, ਜਿਸ 'ਚ ਲੋਕਾਂ ਦੀ ਭੀੜ ਇਕੱਠੀ ਹੋ ਗਈ। 

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਅਸਥੀਆਂ ਨੂੰ ਦੇਸ਼ ਭਰ ਦੀਆਂ ਵੱਖ-ਵੱਖ ਨਦੀਆਂ 'ਚ ਵਿਸਰਜਿਤ ਕੀਤਾ ਜਾਵੇਗਾ ਅਤੇ ਅਸਥੀ ਕਲਸ਼ ਨੂੰ ਸਾਰੇ ਜ਼ਿਲਾ ਦਫਤਰਾਂ ਅਤੇ ਰਾਜਾਂ ਦੀਆਂ ਰਾਜਧਾਨੀਆਂ 'ਚ ਲਿਜਾਇਆ ਜਾਵੇਗਾ। ਇਸ ਦੇ ਇਲਾਵਾ ਰਾਜਾਂ ਦੀ ਰਾਜਧਾਨੀ, ਜ਼ਿਲਾ ਦਫਤਰਾਂ ਅਤੇ ਪੰਚਾਇਤ ਪੱਧਰ 'ਤੇ ਪ੍ਰਾਰਥਨਾ ਸਭਾਵਾਂ ਦਾ ਵੀ ਆਯੋਜਨ ਕੀਤਾ ਜਾਵੇਗਾ।