ਓਵੈਸੀ ਦੇ ਸਹੁੰ ਚੁੱਕਣ ਦੌਰਾਨ ਲੱਗੇ ''ਜਯ ਸ਼੍ਰੀਰਾਮ'' ਤੇ ''ਵੰਦੇ ਮਾਤਰਮ'' ਦੇ ਨਾਅਰੇ (ਵੀਡੀਓ)

06/18/2019 5:31:00 PM

ਨਵੀਂ ਦਿੱਲੀ— 17ਵੀਂ ਲੋਕ ਸਭਾ ਸੈਸ਼ਨ ਦੇ ਦੂਜੇ ਦਿਨ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਚੀਫ ਅਤੇ ਹੈਦਰਾਬਾਦ ਤੋਂ ਸੰਸਦ ਮੈਂਬਰ ਚੁਣੇ ਗਏ ਅਸਦੁਦੀਨ ਓਵੈਸੀ ਨੇ ਅੱਜ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਇਸ ਦੌਰਾਨ ਸੰਸਦ 'ਚ ਜਯ ਸ਼੍ਰੀਰਾਮ ਦੇ ਨਾਅਰੇ ਲੱਗਣ ਲੱਗੇ। ਓਵੈਸੀ ਨੇ ਕਿਹਾ ਕਿ ਚੰਗਾ ਹੈ ਮੈਨੂੰ ਦੇਖ ਕੇ ਉਨ੍ਹਾਂ ਨੂੰ ਇਹ ਸ਼ਬਦ ਯਾਦ ਆਏ, ਕਾਸ਼! ਉਨ੍ਹਾਂ ਨੂੰ ਬੱਚਿਆਂ ਦੀ ਮੌਤ ਵੀ ਯਾਦ ਆ ਜਾਵੇ। ਓਵੈਸੀ ਨੇ ਸਹੁੰ ਚੁੱਕਣ ਮਗਰੋਂ ਜਯ ਭੀਮ ਅਤੇ ਅੱਲ੍ਹਾ-ਹੂ-ਅਕਬਰ ਦਾ ਨਾਅਰਾ ਲਾਇਆ। 

ਦਰਅਸਲ ਮੰਗਲਵਾਰ ਨੂੰ ਜਿਵੇਂ ਹੀ ਓਵੈਸੀ ਆਪਣੀ ਸੀਟ ਤੋਂ ਉਠ ਕੇ ਸਹੁੰ ਚੁੱਕਣ ਲਈ ਗਏ ਤਾਂ ਸੱਤਾਧਾਰੀ ਦਲਾਂ ਦੇ ਸੰਸਦ ਮੈਂਬਰਾਂ ਨੇ ਜਯ ਸ਼੍ਰੀ ਰਾਮ ਅਤੇ ਵੰਦੇ ਮਾਤਰਮ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਦੇ ਜਵਾਬ ਵਿਚ ਓਵੈਸੀ ਨੇ ਵੀ ਦੋਵੇਂ ਹੱਥ ਉੱਪਰ ਚੁੱਕਦੇ ਹੋਏ ਜ਼ੋਰ-ਜ਼ੋਰ ਨਾਲ ਨਾਅਰੇ ਲਾਉਣ ਦਾ ਇਸ਼ਾਰਾ ਕੀਤਾ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਆਪਣੀ ਸਹੁੰ ਚੁੱਕ ਲਈ ਤਾਂ ਅੰਤ ਵਿਚ ਜਯ ਭੀਮ, ਅੱਲ੍ਹਾ-ਹੂ-ਅਕਬਰ ਅਤੇ ਜਯ ਹਿੰਦ ਦੇ ਨਾਅਰੇ ਲਾਏ। ਸਹੁੰ ਦੌਰਾਨ ਹੋਈ ਨਾਅਰੇਬਾਜ਼ੀ 'ਤੇ ਓਵੈਸੀ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਘੱਟੋ-ਘੱਟ ਮੈਨੂੰ ਦੇਖ ਕੇ ਉਨ੍ਹਾਂ ਨੂੰ ਰਾਮ ਦੀ ਯਾਦ ਤਾਂ ਆਈ। ਉਨ੍ਹਾਂ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਮੀਦ ਹੈ ਕਿ ਭਾਜਪਾ ਵਾਲਿਆਂ ਨੂੰ ਮੁਜ਼ੱਫਰਪਰੁ ਵਿਚ ਬੱਚਿਆਂ ਦੀ ਮੌਤ ਵੀ ਯਾਦ ਰਹੇਗੀ। 

ਇੱਥੇ ਦੱਸ ਦੇਈਏ ਕਿ ਓਵੈਸੀ ਮੋਦੀ ਸਰਕਾਰ ਵਿਰੁੱਧ ਖੁੱਲ੍ਹ ਕੇ ਬੋਲਦੇ ਹਨ। ਫਿਰ ਚਾਹੇ ਉਹ ਰਾਮ ਮੰਦਰ ਦਾ ਮੁੱਦਾ ਹੋਵੇ ਜਾਂ ਫਿਰ ਤਿੰਨ ਤਲਾਕ ਨਾਲ ਜੁੜਿਆ ਬਿੱਲ। ਇਨ੍ਹਾਂ ਮੁੱਦਿਆਂ ਨੂੰ ਲੈ ਕੇ ਓਵੈਸੀ ਨੇ ਪਿਛਲੇ 5 ਸਾਲ ਮੋਦੀ ਸਰਕਾਰ ਦੀ ਖਿਲਾਫਤ ਕੀਤੀ ਹੈ। ਇਹ ਹੀ ਵਜ੍ਹਾ ਰਹੀ ਕਿ ਅੱਜ ਲੋਕ ਸਭਾ ਵਿਚ ਇਹ ਸਭ ਦੇਖਣ ਨੂੰ ਮਿਲਿਆ ਹੈ।

Tanu

This news is Content Editor Tanu