ਕਿਸਾਨਾਂ ਦੇ ਸਮਰਥਨ 'ਚ ਅੱਜ ਇਕ ਦਿਨ ਦੀ ਭੁੱਖ ਹੜਤਾਲ ਕਰਨਗੇ ਕੇਜਰੀਵਾਲ

12/14/2020 10:15:33 AM

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਕਿਸਾਨਾਂ ਦੇ ਸਮਰਥਨ ਵਿਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਇਕ ਦਿਨ ਦੀ ਭੁੱਖ ਹੜਤਾਲ ਕਰਨਗੇ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਦੇਸ਼ ਵਾਸੀਆਂ ਨੂੰ ਵੀ 14 ਦਸੰਬਰ ਯਾਨੀ ਅੱਜ ਇਕ ਦਿਨ ਦੀ ਭੁੱਖ ਹੜਤਾਲ ਕਰਨ ਦੀ ਅਪੀਲ ਕੀਤੀ ਹੈ।

ਆਪ ਸਰਕਾਰ ਦੇ ਮੰਤਰੀ ਗੋਇਲ ਰਾਏ ਨੇ ਦੱਸਿਆ ਕਿ ਪਾਰਟੀ ਦੇ ਸਾਰੇ ਅਹੁਦਾ ਅਧਿਕਾਰੀ, ਵਿਧਾਇਕ ਅਤੇ ਪਾਰਸ਼ਦ ਸਵੇਰੇ 10 ਵਜੇ ਤੋਂ ਸ਼ਾਲ 5 ਵਜੇ ਤੱਕ ਆਈ.ਟੀ.ਓ. ਸਥਿਤ ਪਾਰਟੀ ਦਫ਼ਤਰ 'ਤੇ ਸਮੂਹਕ ਵਰਤ ਕਰਨਗੇ। ਆਮ ਆਦਮੀ ਪਾਰਟੀ ਕਿਸਾਨਾਂ ਦੀਆਂ ਮੰਗਾਂ ਦੇ ਸਮਰਥਨ ਵਿਚ ਪੂਰੀ ਤਰ੍ਹਾਂ ਨਾਲ ਕਿਸਾਨਾਂ ਨਾਲ ਖੜ੍ਹੀ ਹੈ।

ਕੇਜਰੀਵਾਲ ਨੇ ਕਿਹਾ ਕਿ ਮੈਂ ਦੇਖ ਰਿਹਾ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਕੇਂਦਰ ਸਰਕਾਰ ਦੇ ਕੁਝ ਮੰਤਰੀ ਅਤੇ ਭਾਜਪਾ ਦੇ ਲੋਕ ਬਾਰ-ਬਾਰ ਕਹਿ ਰਹੇ ਹਨ ਕਿ ਇਹ ਕਿਸਾਨ ਦੇਸ਼ ਧ੍ਰੋਹੀ ਹਨ। ਇਹ ਅੰਦੋਲਨ ਦੇਸ਼ ਧ੍ਰੋਹੀਆਂ ਦਾ ਹੈ। ਇਥੇ ਦੇਸ਼ ਵਿਰੋਧੀ ਲੋਕ ਬੈਠੇ ਹੋਏ ਹਨ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸੇਵਾ ਮੁਕਤ ਹੋ ਚੁੱਕੇ ਹਜ਼ਾਰਾਂ ਸਾਬਕਾ ਫੌਜੀ ਦਿੱਲੀ ਸਰਹੱਦ 'ਤੇ ਕਿਸਾਨਾਂ ਨਾਲ ਬੈਠੇ ਹੋਏ ਹਨ। ਜਿਨ੍ਹਾਂ ਲੋਕਾਂ ਨੇ ਇਕ ਸਮੇਂ ਦੇਸ਼ ਦੀ ਰੱਖਿਆ ਕਰਨ ਲਈ ਆਪਣੀ ਜਾਨ ਦੀ ਬਾਜ਼ੀ ਲਗਾਈ ਸੀ। ਅਜਿਹੇ ਹਜ਼ਾਰਾਂ ਫੌਜੀ ਆਪਣੇ ਘਰਾਂ ਵਿਚ ਬੈਠਕੇ ਉਨ੍ਹਾਂ ਲਈ ਦੁਆਵਾਂ ਮੰਗ ਰਹੇ ਹਨ। ਕੀ ਇਹ ਸਾਰੇ ਦੇਸ਼ ਵਿਰੋਧੀ ਹਨ। ਮੈਂ ਮੰਤਰੀਆਂ ਅਤੇ ਭਾਜਪਾ ਦੇ ਆਗੂਆਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਅਜਿਹੇ ਕਿੰਨੇ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਹਨ, ਜਿਨ੍ਹਾਂ ਦੇਸ਼ ਲਈ ਕੌਮਾਂਤਰੀ ਪੱਧਰ ਉਤੇ ਨਾਮ ਕਮਾਇਆ ਅਤੇ ਦੇਸ਼ ਲਈ ਤਗਮੇ ਜਿੱਤਕੇ ਲਿਆਂਦੇ। ਅਜਿਹੇ ਕਿੰਨੇ ਹੀ ਖਿਡਾਰੀ ਸੀਮਾ ਉਤੇ ਕਿਸਾਨਾਂ ਨਾਲ ਬੈਠੇ ਹੋਏ ਹਨ। ਆਪਣੇ ਆਪਣੇ ਘਰਾਂ ਵਿਚ ਬੈਠਕੇ ਕਿਸਾਨਾਂ ਲਈ ਦੁਆਵਾਂ ਭੇਜ ਰਹੇ ਹਨ। ਇਹ ਸਾਰੇ ਕੌਮਾਂਤਰੀ ਖਿਡਾਰੀ ਜੋ ਦੇਸ਼ ਲਈ ਖੇਡੇ ਸਨ ਅਤੇ ਦੇਸ਼ ਲਈ ਤਗਮੇ ਜਿੱਤੇ ਸਨ, ਕੀ ਇਹ ਸਾਰੇ ਦੇਸ਼ ਵਿਰੋਧੀ ਹਨ।

ਇਹ ਵੀ ਪੜ੍ਹੋ: ਕਿਸਾਨਾਂ ਦੇ ਸਮਰਥਨ 'ਚ ਅੱਜ ਇਕ ਦਿਨ ਦੀ ਭੁੱਖ ਹੜਤਾਲ ਕਰਨਗੇ ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਿਜੀਟਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੰਨਾ ਹਜ਼ਾਰੇ ਨਾਲ ਰਾਮਲੀਲਾ ਮੈਦਾਨ ਵਿਚ ਹੋਏ ਸਾਡੇ ਅੰਦੋਲਨ ਦੌਰਾਨ ਉਸ ਸਮੇਂ ਕਾਂਗਰਸ ਦੀ ਕੇਂਦਰ ਸਰਕਾਰ ਨੇ ਵੀ ਸਾਨੂੰ ਦੇਸ਼ ਵਿਰੋਧੀ ਦੱਸ ਕੇ ਬਦਨਾਮ ਕੀਤਾ ਸੀ, ਅੱਜ ਉਹੀ ਕੰਮ ਭਾਜਪਾ ਸਰਕਾਰ ਕਰ ਰਹੀ ਹੈ। ਹੁਣ ਤੱਕ ਦੇਸ਼ ਵਿਚ ਅਨਾਜ ਦੀ ਜਮ੍ਹਾਖੋਰੀ ਅਪਰਾਧ ਸੀ, ਪ੍ਰੰਤੂ ਇਸ ਕਾਨੂੰਨ ਦੇ ਬਾਅਦ ਜਮ੍ਹਾਖੋਰੀ ਅਪਰਾਧ ਨਹੀਂ ਹੋਵੇਗਾ, ਕੋਈ ਜਿੰਨੀ ਮਰਜ਼ੀ ਅਨਾਜ ਦੀ ਜਮ੍ਹਾਖੋਰੀ ਕਰ ਸਕਦਾ ਹੈ। ਜੇਕਰ ਜਨਤਾ ਇਨ੍ਹਾਂ ਕਾਨੂੰਨਾਂ ਖਿਲਾਫ ਹੈ ਤਾਂ ਇਨ੍ਹਾਂ ਨੂੰ ਵਾਪਸ ਲਿਆ ਜਾਵੇ ਅਤੇ ਐੱਮ. ਐੱਸ. ਪੀ. 'ਤੇ ਫਸਲਾਂ ਖਰੀਦਣ ਦੀ ਗਾਰੰਟੀ ਦੇਣ ਵਾਲਾ ਬਿੱਲ ਬਣਾਇਆ ਜਾਵੇ।

ਉਨ੍ਹਾਂ ਕਿਹਾ ਕਿ ਕੁਝ ਲੋਕ ਇਹ ਕਹਿ ਰਹੇ ਹਨ ਕਿ ਇਸ ਵਿਚ ਤਾਂ ਪੰਜਾਬ-ਹਰਿਆਣਾ ਦੇ ਕੁਝ ਕਿਸਾਨ ਸ਼ਾਮਲ ਹਨ, ਬਾਕੀ ਜਨਤਾ ਇਸ ਵਿਚ ਸ਼ਾਮਲ ਨਹੀਂ ਹੈ। ਇਹ ਉਨ੍ਹਾਂ ਦੀ ਗਲਤੀਫਹਿਮੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਜਨਤਾ ਨਾਲ ਬਣਦੀਆਂ ਹਨ, ਜਨਤਾ ਸਰਕਾਰਾਂ ਨਾਲ ਨਹੀਂ ਬਣਦੀ। ਜੇਕਰ ਜਨਤਾ ਇਨ੍ਹਾਂ ਤਿੰਨਾਂ ਕਾਨੂੰਨਾਂ ਦੇ ਖਿਲਾਫ ਹੈ ਤਾਂ ਇਨ੍ਹਾਂ ਕਾਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਐੱਮ. ਐੱਸ. ਪੀ. ਤੋਂ ਉਪਰ ਕਿਸਾਨਾਂ ਦੀਆਂ ਫਸਲਾਂ ਖਰੀਦਣ ਦੀ ਗਾਰੰਟੀ ਦੇਣ ਦਾ ਬਿੱਲ ਬਣਾਇਆ ਜਾਵੇ। ਜਿੰਨੀਆਂ ਵੀ ਕਿਸਾਨਾਂ ਦੀਆਂ ਮੰਗਾਂ ਹਨ ਉਨ੍ਹਾਂ ਸਾਰੀਆਂ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ।

ਨੋਟ : ਕੇਜਰੀਵਾਲ ਵੱਲੋਂ ਕਿਸਾਨਾਂ ਦੇ ਸਮਰਥਨ 'ਚ ਅੱਜ ਇਕ ਦਿਨ ਦੀ ਭੁੱਖ ਹੜਤਾਲ ਕਰਨ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry