ਦਿੱਲੀ ਦੰਗਿਆਂ ਕਾਰਨ ਅਰਵਿੰਦ ਕੇਜਰੀਵਾਲ ਨਹੀਂ ਮਨਾਉਣਗੇ ਹੋਲੀ

03/05/2020 11:38:08 AM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਉੱਤਰ-ਪੂਰਬੀ ਦਿੱਲੀ 'ਚ ਹੋਏ ਫਿਰਕੂ ਦੰਗਿਆਂ ਕਾਰਨ ਇਸ ਵਾਰ ਹੋਲੀ ਨਹੀਂ ਮਨਾਉਣਗੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਵੀ ਹੋਲੀ ਨਹੀਂ ਮਨਾਉਣਗੇ। ਕੇਜਰੀਵਾਲ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਵੀ ਹਨ। ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਵਿਰੋਧ ਦੌਰਾਨ ਉੱਤਰ-ਪੂਰਬੀ ਦਿੱਲੀ 'ਚ ਭੜਕੇ ਫਿਰਕੂ ਹਿੰਸਾ 'ਚ ਘੱਟੋ-ਘੱਟ 42 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 200 ਤੋਂ ਵਧ ਜ਼ਖਮੀ ਹੋਏ ਸਨ। ਹਿੰਸਾ ਤੋਂ ਬਾਅਦ ਦਿੱਲੀ ਸਰਕਾਰ ਵਲੋਂ ਪੀੜਤ ਪਰਿਵਾਰ ਨੂੰ ਮੁਆਵਜ਼ੇ ਦਾ ਵੀ ਐਲਾਨ ਕੀਤਾ ਗਿਆ ਹੈ।

ਪੀ.ਐੱਮ. ਮੋਦੀ ਨੇ ਵੀ ਲਿਆ ਹੋਲੀ ਪ੍ਰੋਗਰਾਮ 'ਚ ਹਿੱਸਾ ਨਾ ਲੈਣ ਦਾ ਫੈਸਲਾ
ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਸੰਬੰਧ 'ਚ ਮਾਹਰਾਂ ਦੀ ਸਲਾਹ ਨੂੰ ਧਿਆਨ 'ਚ ਰੱਖਦੇ ਹੋਏ ਉਹ ਇਸ ਵਾਰ ਕਿਸੇ ਹੋਲੀ ਮਿਲਨ ਪ੍ਰੋਗਰਾਮ 'ਚ ਹਿੱਸਾ ਨਹੀਂ ਲੈਣਗੇ। ਪ੍ਰਧਾਨ ਮੰਤਰੀ ਨੇ ਆਪਣੇ ਟਵੀਟ 'ਚ ਕਿਹਾ,''ਦੁਨੀਆ ਭਰ 'ਚ ਮਾਹਰਾਂ ਦੀ ਸਲਾਹ ਹੈ ਕਿ ਨੋਵੇਲ ਕੋਰੋਨਾ ਵਾਇਰਸ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਮੂਹਕ ਪ੍ਰੋਗਰਾਮਾਂ ਨੂੰ ਘੱਟ ਕਰਨਾ ਚਾਹੀਦਾ।'' ਉਨ੍ਹਾਂ ਨੇ ਕਿਹਾ,''ਇਸ ਲਈ ਇਸ ਸਾਲ ਮੈਂ ਕਿਸੇ ਹੋਲੀ ਮਿਲਨ ਪ੍ਰੋਗਰਾਮ 'ਚ ਹਿੱਸਾ ਨਹੀਂ ਲੈਣ ਦਾ ਫੈਸਲਾ ਕੀਤਾ ਹੈ।

DIsha

This news is Content Editor DIsha