ਕੇਜਰੀਵਾਲ ਨੇ ਕੋਰੋਨਾ ਯੋਧਾ ਡਾ. ਜੋਗਿੰਦਰ ਚੌਧਰੀ ਦੇ ਪਰਿਵਾਰ ਨੂੰ ਦਿੱਤੀ ਇਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ

08/03/2020 9:52:45 PM

ਨਵੀਂ ਦਿੱਲੀ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਡਾ. ਬਾਬਾ ਸਾਹਿਬ ਅੰਬੇਡਕਰ ਮੈਡੀਕਲ ਹਸਪਤਾਲ ਐਂਡ ਕਾਲਜ 'ਚ ਐਡਹਾਕ 'ਤੇ ਜੂਨੀਅਰ ਰੇਜੀਡੇਂਟ ਰਹੇ ਕੋਰੋਨਾ ਯੋਧਾ ਡਾ. ਜੋਗਿੰਦਰ ਚੌਧਰੀ ਦੇ ਦਿਹਾਂਤ 'ਤੇ ਉਨ੍ਹਾਂ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ। ਅੱਜ ਸ਼ਾਮ 4 ਵਜੇ ਡਾਕਟਰ ਜੋਗਿੰਦਰ ਚੌਧਰੀ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਲਾਈਨਜ਼ ਸਥਿਤ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਪਹੁੰਚ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਾ. ਜੋਗਿੰਦਰ ਦੀ ਮੌਤ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ ਅਤੇ ਪਰਿਵਾਰ ਨੂੰ ਦਿਲਾਸਾ ਦਿੱਤਾ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕਿਹਾ ਕਿ ਦਿੱਲੀ ਸਰਕਾਰ ਦੇ ਹਸਪਤਾਲ 'ਚ ਤਾਇਨਾਤ ਸਾਡੇ ਕੋਰੋਨਾ ਯੋਧਾ ਡਾ. ਜੋਗਿੰਦਰ ਚੌਧਰੀ ਜੀ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਮਰੀਜ਼ਾਂ ਦੀ ਸੇਵਾ ਕੀਤੀ। ਹਾਲ ਹੀ 'ਚ ਕੋਰੋਨਾ ਸੰਕਰਮਣ ਨਾਲ ਡਾ. ਚੌਧਰੀ ਦਾ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੇ ਪਰਿਵਾਰ ਨਾਲ ਮਿਲ ਕੇ ਇਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ। ਭਵਿੱਖ 'ਚ ਵੀ ਪਰਿਵਾਰ ਦੀ ਹਰ ਸੰਭਵ ਮਦਦ ਕਰਾਂਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਡਾ. ਜੋਗਿੰਦਰ ਚੌਧਰੀ ਦਿੱਲੀ ਸਰਕਾਰ ਦੇ ਬਾਬਾ ਸਾਹਿਬ ਅੰਬੇਡਕਰ ਮੈਡੀਕਲ ਹਸਪਤਾਲ ਐਂਡ ਕਾਲਜ 'ਚ ਡਾਕਟਰ ਸਨ। ਉਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕੀਤਾ। ਕੋਰੋਨਾ ਮਰੀਜ਼ਾਂ ਦੀ ਸੇਵਾ ਕਰਨ ਦੌਰਾਨ ਉਹ ਵੀ ਕੋਰੋਨਾ ਦੀ ਚਪੇਟ 'ਚ ਆ ਗਏ। ਉਨ੍ਹਾਂ ਦਾ ਕਰੀਬ ਇਕ ਮਹੀਨੇ ਤਕ ਇਲਾਜ ਚੱਲਿਆ ਪਰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਡਾ. ਜੋਗਿੰਦਰ ਦੇ ਦਿਹਾਂਤ ਦਾ ਸਾਨੂੰ ਬਹੁਤ ਦੁੱਖ ਹੈ। ਅੱਜ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਦੀ ਜਾਨ ਦੀ ਕੋਈ ਕੀਮਤ ਨਹੀਂ ਹੋ ਸਕਦੀ ਹੈ ਪਰ ਇਸ ਛੋਟੀ ਜਿਹੀ ਰਕਮ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਕੁੱਝ ਸਹੂਲਤ ਜ਼ਰੂਰ ਮਿਲੇਗੀ। ਅਸੀਂ ਉਨ੍ਹਾਂ ਦੇ ਪਰਿਵਾਰ ਦੀ ਚਿੰਤਾ ਕਰਦੇ ਹਾਂ ਭਵਿੱਖ 'ਚ ਵੀ ਜੇਕਰ ਕੋਈ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਉਨ੍ਹਾਂ ਦੇ ਨਾਲ ਖੜੇ ਹਾਂ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ ਡਾ. ਜੋਗਿੰਦਰ ਚੌਧਰੀ ਦਾ ਇਕ ਹਫਤੇ ਪਹਿਲਾਂ ਸਰ ਗੰਗਾ ਰਾਮ ਹਸਪਤਾਲ 'ਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਕੋਰੋਨਾ ਰਿਪੋਰਟ 27 ਜੂਨ ਨੂੰ ਪਾਜ਼ੇਟਿਵ ਆਈ ਸੀ। 27 ਜੂਨ ਨੂੰ ਡਾ. ਜੋਗਿੰਦਰ ਨੂੰ ਅੰਬੇਡਕਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਪਰ ਹਾਲਤ ਗੰਭੀਰ ਹੋਣ ਦੇ ਕਾਰਣ ਐਲ. ਐਨ. ਜੇ. ਪੀ. ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਸਿਹਤ 'ਚ ਸੁਧਾਰ ਨਾ ਹੋਣ 'ਤੇ ਉਨ੍ਹਾਂ ਨੂੰ 8 ਜੁਲਾਈ ਨੂੰ ਸਰ ਗੰਗਾ ਰਾਮ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਹ ਅਕਤੂਬਰ 2019 ਤੋਂ ਦਿੱਲੀ ਸਰਕਾਰ ਦੇ ਡਾ. ਬਾਬਾ ਸਾਹਿਬ ਅੰਬੇਡਕਰ ਮੈਡੀਕਲ ਹਸਪਤਾਲ ਐਂਡ ਕਾਲਜ 'ਚ ਐਡ ਹਾਕ 'ਤੇ ਜੂਨੀਅਰ ਰੇਜੀਡੈਂਟ ਸੀ। ਉਹ ਸਿਹਤ ਵਿਗੜਨ ਤੋਂ ਪਹਿਲਾਂ 23 ਜੂਨ ਤਕ ਹਸਪਤਾਲ ਦੇ ਫਲੂ ਕਲੀਨਿਕ ਵਿਭਾਗ 'ਚ ਅਤੇ ਫਿਰ ਕੈਜੂਅਲਟੀ ਵਾਰਡ 'ਚ ਕੰਮ ਕਰ ਰਹੇ ਸਨ। ਉਹ ਮੂਲ ਰੂਪ ਨਾਲ ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਦੇ ਇਕ ਪਿੰਡ ਦੇ ਰਹਿਣ ਵਾਲੇ ਸਨ ਅਤੇ ਉਹ ਪਰਿਵਾਰ 'ਚ ਇਕਲੌਤੇ ਕਮਾਉਣ ਵਾਲੇ ਮੈਂਬਰ ਸਨ। ਘਰ 'ਚ ਉਨ੍ਹਾਂ ਦੇ ਮਾਤਾ-ਪਿਤਾ ਅਤੇ ਦੋ ਛੋਟੇ ਭਰਾ-ਭੈਣ ਹਨ। ਉਸ ਦੇ ਪਿਤਾ ਰਾਜਿੰਦਰ ਚੌਧਰੀ ਕੋਲ ਥੋੜੀ ਜਿਹੀ ਜ਼ਮੀਨ ਹੈ, ਜਿਸ 'ਚ ਉਹ ਖੇਤੀ ਕਰਦੇ ਹਨ।
 

Deepak Kumar

This news is Content Editor Deepak Kumar