ਕਸ਼ਮੀਰ ਨੂੰ ਤਬਾਹ ਕਰਨ ਤੋਂ ਬਾਅਦ ਪਿੱਛੇ ਹਟੀ ਭਾਜਪਾ : ਕੇਜਰੀਵਾਲ

06/19/2018 6:43:28 PM

ਨੈਸ਼ਨਲ ਡੈਸਕ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੰਮੂ ਅਤੇ ਕਸ਼ਮੀਰ 'ਚ ਪੀ. ਡੀ. ਪੀ. ਨਾਲ ਗਠਜੋੜ ਨੂੰ ਤੋੜਨ ਦੇ ਫੈਸਲੇ 'ਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਨੇ ਸੂਬੇ ਨੂੰ ਤਬਾਹ ਕਰ ਦਿੱਤਾ ਹੈ। ਭਾਜਪਾ ਵਲੋਂ ਆਪਣੇ ਫੈਸਲੇ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਕੇਜਰੀਵਾਲ ਨੇ ਇਕ ਤੋਂ ਬਾਅਦ ਇਕ ਟਵੀਟ ਕੀਤਾ, ਜਿਸ 'ਚ ਉਨ੍ਹਾਂ ਨੇ ਨੋਟਬੰਦੀ ਦਾ ਵੀ ਜ਼ਿਕਰ ਕੀਤਾ।
ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਸੂਬੇ ਨੂੰ ਤਬਾਹ ਕਰਨ ਤੋਂ ਬਾਅਦ ਭਾਜਪਾ ਕਸ਼ਮੀਰ 'ਚ ਗਠਜੋੜ ਤੋਂ ਬਾਹਰ ਹੋ ਗਈ ਹੈ, ਕਿ ਉਨ੍ਹਾਂ ਨੇ ਸਾਨੂੰ ਇਹ ਨਹੀਂ ਕਿਹਾ ਸੀ ਕਿ ਨੋਟਬੰਦੀ ਨਾਲ ਕਸ਼ਮੀਰ ਚ ਅੱਤਵਾਦ ਦਾ ਲੱਕ ਟੁੱਟ ਗਿਆ ਹੈ? ਜ਼ਿਕਰਯੋਗ ਹੈ ਕਿ ਭਾਜਪਾ ਨੇ ਪੀ. ਡੀ. ਪੀ. ਨਾਲ ਜੰਮੂ-ਕਸ਼ਮੀਰ 'ਚ ਕਰੀਬ 3 ਸਾਲ ਤਕ ਗਠਜੋੜ ਸਰਕਾਰ 'ਚ ਰਹਿਣ ਤੋਂ ਬਾਅਦ ਅੱਜ ਸਰਕਾਰ ਤੋਂ ਸਮਰਥਨ ਵਾਪਸ ਲੈਣ ਦਾ ਐਲਾਨ ਕੀਤਾ ਹੈ।  
ਭਾਜਪਾ ਆਗੂ ਰਾਮ ਮਾਧਵ ਨੇ ਅੱਜ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਹੀ ਗਠਜੋੜ ਖਤਮ ਕਰਨ ਦਾ ਫੈਸਲਾ ਲਿਆ ਹੈ। ਮਾਧਵ ਨੇ ਮਹਿਬੂਬਾ ਮੁਫਤੀ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮੁਫਤੀ ਨੇ ਮੰਤਰੀਆਂ ਨੂੰ ਵੀ ਕੰਮਕਾਜ ਨਹੀਂ ਕਰਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਗਠਜੋੜ ਨੂੰ ਅੱਗੇ ਚਲਾਉਣਾ ਮੁਸ਼ਕਿਲ ਸੀ, ਇਸ ਲਈ ਭਾਜਪਾ ਮਹਿਬੂਬਾ ਸਰਕਾਰ ਤੋਂ ਬਾਹਰ ਹੋ ਗਈ ਹੈ।