ਸਰਜੀਕਲ ਸਟ੍ਰਾਈਕ ਨੂੰ ਦੱਸਿਆ ''ਫਰਜ਼ੀਕਲ'' ਸਟ੍ਰਾਈਕ

06/27/2018 10:30:23 AM

ਨਵੀਂ ਦਿੱਲੀ—ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਸ਼ੋਰੀ ਨੇ ਇਕ ਵਾਰ ਫਿਰ ਆਪਣੀ ਹੀ ਸਰਕਾਰ 'ਤੇ ਨਿਸ਼ਾਨਾ ਲਾਇਆ ਹੈ। ਅਰੁਣ ਸ਼ੋਰੀ ਨੇ ਸਰਜੀਕਲ ਸਟ੍ਰਾਈਕ 'ਤੇ ਵਿਅੰਗ ਕੱਸਦੇ ਹੋਏ ਉਸ ਨੂੰ 'ਫਰਜ਼ੀਕਲ' ਸਟ੍ਰਾਈਕ ਦੱਸਿਆ ਹੈ।  ਖਬਰ ਏਜੰਸੀ ਆਈ. ਏ. ਐੱਨ. ਐੱਸ. ਅਨੁਸਾਰ ਅਰੁਣ ਸ਼ੋਰੀ ਨੇ ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਸੈਫੂਦੀਨ ਸੋਜ਼ ਦੀ ਕਿਤਾਬ ਦੇ ਰਿਲੀਜ਼ ਸਮਾਰੋਹ ਵਿਚ ਭਾਜਪਾ 'ਤੇ ਹਮਲਾ ਬੋਲਦੇ ਹੋਏ ਮੋਦੀ ਸਰਕਾਰ ਨੂੰ ਈਵੈਂਟ ਤੇ ਇਲੈਕਸ਼ਨ ਆਧਾਰਤ ਦੱਸਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਿਰਫ ਈਵੈਂਟ ਤੇ ਚੋਣਾਂ ਕਰਵਾਉਣ 'ਤੇ ਧਿਆਨ ਦਿੱਤਾ ਨਾ ਕਿ ਸ਼ਾਸਨ ਅਤੇ ਨੀਤੀਆਂ 'ਤੇ। ਉਨ੍ਹਾਂ ਨੇ ਸਰਕਾਰ ਦੀਆਂ ਕਸ਼ਮੀਰ ਤੇ ਪਾਕਿਸਤਾਨ ਸਬੰਧੀ ਨੀਤੀਆਂ 'ਤੇ ਸਵਾਲ ਉਠਾਉੁਂਦੇ ਹੋਏ ਕਿਹਾ ਕਿ ਸਰਕਾਰ ਦੀ ਇਸ ਬਾਰੇ ਕੋਈ ਨੀਤੀ ਨਹੀਂ ਹੈ। 
ਉਹ ਇਕ ਹੀ ਗੱਲ ਜਾਣਦੇ ਹਨ ਕਿ ਕਿਸ ਤਰ੍ਹਾਂ ਦੇਸ਼ ਦੇ ਹਿੰਦੂ ਤੇ ਮੁਸਲਮਾਨਾਂ ਨੂੰ ਵੰਡਿਆ ਜਾਵੇ।   ਕੇਂਦਰ ਵੱਲੋਂ ਕਸ਼ਮੀਰ 'ਤੇ ਹਾਲ ਹੀ ਵਿਚ ਐਲਾਨੀ ਗਈ 'ਆਲ ਆਊਟ ਐਕਸ਼ਨ' ਨੀਤੀ 'ਤੇ ਨਿਸ਼ਾਨਾ ਲਾਉਂਦੇ ਹੋਏ ਸ਼ੋਰੀ ਨੇ ਕਿਹਾ ਕਿ ਇਸ ਨਾਲ ਸਿੱਧੇ ਤੌਰ 'ਤੇ ਸਮਝਿਆ ਜਾ ਸਕਦਾ ਹੈ ਕਿ ਹੁਣ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਜ਼ਿਆਦਾ ਹਮਲਾਵਰੀ ਢੰਗ ਨਾਲ ਹੱਤਿਆਵਾਂ ਕੀਤੀਆਂ ਜਾਣਗੀਆਂ ਪਰ ਲੋਕਾਂ ਵਿਰੁੱਧ ਫੌਜ ਖੜ੍ਹੀ ਕਰਨਾ ਕੋਈ ਸਮਝਦਾਰੀ ਨਹੀਂ ਹੈ। ਉਨ੍ਹਾਂ ਕਿਹਾ, ''ਕਸ਼ਮੀਰ ਸਮੱਸਿਆ ਦੇ ਹੱਲ ਲਈ ਕਸ਼ਮੀਰ 'ਚ ਸਭ ਨਾਲ ਗੱਲ ਹੋਣੀ ਚਾਹੀਦੀ ਹੈ, ਭਾਵੇਂ ਉਹ ਹੁਰੀਅਤ ਹੀ ਕਿਉਂ ਨਾ ਹੋਵੇ।''