ਅਰੁਣ ਜੇਤਲੀ ਦੀ ਹਾਲਤ ਬੇਹੱਦ ਨਾਜ਼ੁਕ, ECMO ''ਚ ਕੀਤਾ ਗਿਆ ਸ਼ਿਫਟ

08/17/2019 5:27:04 PM

ਨਵੀਂ ਦਿੱਲੀ— ਭਾਜਪਾ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ। ਏਮਜ਼ 'ਚ ਡਾਕਟਰਾਂ ਨੇ ਉਨ੍ਹਾਂ ਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਵੈਂਟੀਲੇਟਰ ਤੋਂ ਹਟਾ ਕੇ ਈ.ਸੀ.ਐੱਮ.ਓ. ਯਾਨੀ ਐਕਸਟ੍ਰਾਕਾਪੋਰੀਅਲ ਮੇਂਬ੍ਰੇਨ ਆਕਸੀਜਨ 'ਤੇ ਸ਼ਿਫਟ ਕੀਤਾ ਹੈ। ਡਾਕਟਰ ਲਗਾਤਾਰ ਉਨ੍ਹਾਂ ਦੀ ਸਿਹਤ 'ਤੇ ਨਜ਼ਰ ਬਣਾਏ ਹੋਏ ਹਨ। ਅਰੁਣ ਜੇਤਲੀ ਦਾ ਹਾਲਚਾਲ ਜਾਣਨ ਲਈ ਪਿਛਲੇ 2 ਦਿਨਾਂ ਤੋਂ ਏਮਜ਼ 'ਚ ਨੇਤਾਵਾਂ ਦੀ ਭੀੜ ਲੱਗੀ ਹੋਈ ਹੈ। ਸ਼ਨੀਵਾਰ ਸਵੇਰੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਸਪਾ ਸੁਪਰੀਮੋ ਮਾਇਆਵਤੀ ਵੀ ਉਨ੍ਹਾਂ ਨੂੰ ਮਿਲਣ ਪਹੁੰਚੀ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਾਮ ਨੂੰ ਇਕ ਵਾਰ ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਏਮਜ਼ ਪਹੁੰਚਣਗੇ ਅਤੇ ਜੇਤਲੀ ਦੀ ਸਿਹਤ ਬਾਰੇ ਜਾਣਕਾਰੀ ਲੈਣਗੇ।

9 ਅਗਸਤ ਤੋਂ ਹਨ ਏਮਜ਼ 'ਚ ਭਰਤੀ
ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਏਮਜ਼ ਜਾ ਕੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਹਾਲ ਜਾਣਿਆ। ਸ਼ੁੱਕਰਵਾਰ ਸ਼ਾਮ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਵੀ ਏਮਜ਼ ਪਹੁੰਚ ਕੇ ਜੇਤਲੀ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ। ਜੇਤਲੀ 9 ਅਗਸਤ ਤੋਂ ਏਮਜ਼ ਦੇ ਆਈ.ਸੀ.ਯੂ. 'ਚ ਭਰਤੀ ਹਨ। ਸੂਤਰਾਂ ਅਨੁਸਾਰ 66 ਸਾਲਾ ਜੇਤਲੀ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਅਤੇ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ।

2014 'ਚ ਕਰਵਾਈ ਸੀ ਬੇਰਿਆਟ੍ਰਿਕ ਸਰਜਰੀ
ਅਰੁਣ ਜੇਤਲੀ ਨੂੰ ਸਾਹ ਲੈਣ 'ਚ ਤਕਲੀਫ ਅਤੇ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਏਮਜ਼ 'ਚ ਭਰਤੀ ਕੀਤਾ ਗਿਆ ਸੀ। ਹਾਲਾਂਕਿ ਇਸ ਦੇ ਬਾਅਦ ਤੋਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕੋਈ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਹੈ। ਆਪਣੀ ਖਰਾਬ ਸਿਹਤ ਕਾਰਨ ਜੇਤਲੀ ਨੇ 2019 ਦੀਆਂ ਲੋਕ ਸਭਾ ਚੋਣਾਂ ਵੀ ਨਹੀਂ ਲੜੀਆਂ ਸਨ। ਪਿਛਲੇ ਸਾਲ 14 ਮਈ ਨੂੰ ਏਮਜ਼ 'ਚ ਉਨ੍ਹਾਂ ਦੀ ਕਿਡਨੀ ਟਰਾਂਸਪਲਾਂਟ ਹੋਈ ਸੀ ਅਤੇ ਉਸ ਸਮੇਂ ਉਨ੍ਹਾਂ ਦੀ ਜਗ੍ਹਾ ਰੇਲ ਮੰਤਰੀ ਪੀਊਸ਼ ਗੋਇਲ ਨੇ ਵਿੱਤ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਲੰਬੇ ਸਮੇਂ ਤੋਂ ਸ਼ੂਗਰ ਨਾਲ ਪੀੜਤ ਹੋਣ ਕਾਰਨ ਆਪਣੇ ਵਧੇ ਹੋਏ ਭਾਰ ਨੂੰ ਠੀਕ ਕਰਨ ਲਈ ਸਤੰਬਰ 2014 'ਚ ਉਨ੍ਹਾਂ ਨੇ ਬੇਰਿਆਟ੍ਰਿਕ ਸਰਜਰੀ ਕਰਵਾਈ ਸੀ। 

ਈ.ਸੀ.ਐੱਮ.ਓ. ਕੀ ਹੈ
ਈ.ਸੀ.ਐੱਮ.ਓ. 'ਤੇ ਮਰੀਜ਼ ਨੂੰ ਉਦੋਂ ਰੱਖਿਆ ਜਾਂਦਾ ਹੈ, ਜਦੋਂ ਦਿਲ, ਫੇਫੜੇ ਠੀਕ ਤਰ੍ਹਾਂ ਕੰਮ ਨਹੀਂ ਕਰਦੇ ਅਤੇ ਵੈਂਟੀਲੇਟਰ ਦਾ ਵੀ ਫਾਇਦਾ ਨਹੀਂ ਹੁੰਦਾ। ਇਸ ਨਾਲ ਮਰੀਜ਼ ਦੇ ਸਰੀਰ 'ਚ ਆਕਸੀਜਨ ਪਹੁੰਚਾਈ ਜਾਂਦੀ ਹੈ।

DIsha

This news is Content Editor DIsha