ਸੱਤਾ ''ਤੇ ਕਬਜ਼ਾ ਕਰਨਾ ਚਾਹੁੰਦੈ ''ਚੋਰ ਤੰਤਰ'' : ਜੇਤਲੀ

02/05/2019 2:08:30 PM

ਨਵੀਂ ਦਿੱਲੀ (ਭਾਸ਼ਾ)— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸਮਰਥਨ ਵਿਚ ਆਉਣ ਲਈ ਵਿਰੋਧੀ ਧਿਰ 'ਤੇ ਹਮਲਾ ਬੋਲਦਿਆਂ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ 'ਚੋਰਾਂ ਦਾ ਤੰਤਰ' ਦੇਸ਼ ਦੀ ਸੱਤਾ 'ਤੇ ਕਾਬਜ਼ ਹੋਣ ਦਾ ਇੱਛੁਕ ਹੈ। ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਦੇ ਕੋਲਕਾਤਾ ਪੁਲਸ ਮੁਖੀ ਦੀ ਜਾਂਚ ਨੂੰ ਲੈ ਕੇ ਬੈਨਰਜੀ ਵਲੋਂ ਦਿੱਤੀ ਗਈ 'ਹੱਦ ਤੋਂ ਵੱਧ ਪ੍ਰਤੀਕਿਰਿਆ' ਨੇ ਜਨਤਕ ਬਹਿਸ ਦੇ ਕਈ ਮੁੱਦਿਆਂ ਨੂੰ ਖੜ੍ਹਾ ਕਰ ਦਿੱਤਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਚੋਰਾਂ ਦਾ ਤੰਤਰ ਹੁਣ ਦੇਸ਼ ਦੀ ਸੱਤਾ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ। 

ਜੇਤਲੀ ਨੇ ਕਿਹਾ ਕਿ ਪੱਛਮੀ ਬੰਗਾਲ ਚਿੱਟ ਫੰਡ ਘਪਲਾ 2012-13 ਵਿਚ ਸਾਹਮਣੇ ਆਇਆ। ਇਸ ਦੀ ਜਾਂਚ ਸੁਪਰੀਮ ਕੋਰਟ ਨੇ ਸੀ. ਬੀ. ਆਈ. ਨੂੰ ਸੌਂਪੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਹ ਸਮਝਣਾ ਬਹੁਤ ਭਾਰੀ ਭੁੱਲ ਹੋਵੇਗੀ ਕਿ ਬੈਨਰਜੀ ਨੇ ਅਜਿਹਾ ਇਸ ਲਈ ਕੀਤਾ, ਕਿਉਂਕਿ ਨਿਯਮਿਤ ਜਾਂਚ ਦੇ ਦਾਇਰੇ ਵਿਚ ਪੁਲਸ ਦੇ ਇਕ ਅਧਿਕਾਰੀ ਨੂੰ ਲਿਆਂਦਾ ਗਿਆ। ਸ਼ਾਰਦਾ ਚਿੱਟ ਫੰਡ ਘਪਲਿਆਂ ਵਿਚ ਸ਼ਹਿਰ ਪੁਲਸ ਮੁਖੀ ਤੋਂ ਪੁੱਛ-ਗਿੱਛ ਕਰਨ ਦੀ ਸੀ. ਬੀ. ਆਈ. ਦੀ ਕੋਸ਼ਿਸ਼ ਵਿਰੁੱਧ ਬੈਨਰਜੀ ਐਤਵਾਰ ਤੋਂ ਕੋਲਕਾਤਾ ਵਿਚ ਧਰਨੇ 'ਤੇ ਬੈਠੀ ਹੋਈ ਹੈ। ਜੇਤਲੀ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਸੀ. ਬੀ. ਆਈ. ਨੂੰ ਬਲਪੂਰਵਕ ਰੋਕਿਆ ਗਿਆ ਅਤੇ ਇਕ ਅਧਿਕਾਰੀ ਨੂੰ ਉਸ ਦੇ ਅਧਿਕਾਰ ਖੇਤਰ ਅੰਦਰ ਇਕ ਅਪਰਾਧ ਦੀ ਕਾਨੂੰਨੀ ਜਾਂਚ ਨਹੀਂ ਕਰਨ ਦਿੱਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਧਰਨੇ 'ਤੇ ਬੈਠਣ ਦੇ ਬੈਨਰਜੀ ਦੇ ਫੈਸਲੇ ਨੂੰ ਕਈ ਵਿਰੋਧੀ ਪਾਰਟੀਆਂ ਦਾ ਸਮਰਥਨ ਮਿਲਿਆ ਹੋਇਆ ਹੈ। ਜੇਤਲੀ ਨੇ ਕਿਹਾ ਕਿ ਮਮਤਾ ਬੈਨਰਜੀ ਦਾ ਨਾਟਕ ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਭਾਰਤ ਦਾ ਵਿਰੋਧੀ ਧਿਰ ਕਿਵੇਂ ਚੰਗਾ ਸ਼ਾਸਨ ਦੇ ਸਕਦਾ ਹੈ।

Tanu

This news is Content Editor Tanu