ਅਰਨਬ ਨੂੰ ਤਿੰਨ ਹਫਤੇ ਦੀ ਰਾਹਤ, CBI ਜਾਂਚ ਤੋਂ ਸੁਪਰੀਮ ਕੋਰਟ ਦੀ ਨਾਂਹ

05/19/2020 1:24:34 PM

ਨਵੀਂ ਦਿੱਲੀ- ਰਿਪਬਲਿਕ ਟੀਵੀ ਦੇ ਐਡਿਟਰ-ਇਨ-ਚੀਫ ਅਰਨਬ ਗੋਸਵਾਮੀ ਨੂੰ ਸੁਪਰੀਮ ਕੋਰਟ ਤੋਂ ਮੰਗਲਵਾਰ ਨੂੰ ਰਾਹਤ ਮਿਲ ਗਈ। ਸੁਪਰੀਮ ਕੋਰਟ ਨੇ ਉਨ੍ਹਾਂ ਵਿਰੁੱਧ ਕਾਰਵਾਈ 'ਤੇ ਲਗਾਈ ਰੋਕ ਤਿੰਨ ਹਫਤਿਆਂ ਲਈ ਵਧਾ ਤਾਂ ਦਿੱਤੀ ਪਰ ਉਨ੍ਹਾਂ ਵਿਰੁੱਧ ਦਰਜ ਮਾਮਲਿਆਂ ਦੀ ਜਾਂਚ ਦੀ ਜ਼ਿੰਮੇਵਾਰੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ। ਜੱਜ ਡੀ.ਵਾਈ. ਚੰਦਰਚੂੜ ਦੀ ਪ੍ਰਧਾਨ ਵਾਲੀ ਬੈਂਚ ਨੇ ਆਪਣੇ ਆਦੇਸ਼ 'ਚ ਸਪੱਸ਼ਟ ਕੀਤਾ ਕਿ ਧਾਰਾ 32 ਦੇ ਅਧੀਨ ਪਟੀਸ਼ਨ ਰੱਦ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ ਕੋਰਟ ਨੇ ਅਰਨਬ ਵਿਰੁੱਧ ਨਾਗਪੁਰ 'ਚ ਦਰਜ ਸ਼ਿਕਾਇਤ ਨੂੰ ਮੁੰਬਈ ਰੈਫਰ ਕੀਤੇ ਜਾਣ ਦੇ ਆਪਣੇ ਆਖਰੀ ਆਦੇਸ਼ 'ਤੇ ਅੰਤਿਮ ਮੋਹਰ ਲਗਾ ਦਿੱਤੀ ਅਤੇ ਕਿਹਾ ਕਿ ਮੁੰਬਈ ਪੁਲਸ ਹੀ ਮਾਮਲੇ ਦੀ ਜਾਂਚ ਕਰੇਗੀ।

ਹਾਲਾਂਕਿ ਕੋਰਟ ਨੇ ਆਪਣੇ ਆਦੇਸ਼ 'ਚ ਇਹ ਸਪੱਸ਼ਟ ਜ਼ਰੂਰ ਕੀਤਾ ਕਿ ਅਰਨਬ ਵਿਰੁੱਧ ਵੱਖ-ਵੱਖ ਰਾਜਾਂ 'ਚ ਦਰਜ ਸ਼ਿਕਾਇਤਾਂ ਹਰ ਤਰ੍ਹਾਂ ਨਾਲ ਇਕੋ ਜਿਹੀਆਂ ਸਨ। ਇਸ ਲਈ ਨਾਗਪੁਰ ਦੀ ਸ਼ਿਕਾਇਤ ਨੂੰ ਛੱਡ ਕੇ ਸਾਰੀਆਂ ਸ਼ਿਕਾਇਤਾਂ ਰੱਦ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਮੁੰਬਈ ਪੁਲਸ ਕਮਿਸ਼ਨਰ ਨੂੰ ਅਰਨਬ ਨੂੰ ਸੁਰੱਖਿਆ ਉਪਲੱਬਧ ਕਰਵਾਉਣ ਦਾ ਆਦੇਸ਼ ਵੀ ਦਿੱਤਾ। ਬੈਂਚ ਨੇ ਅਰਨਬ ਦੀ ਗ੍ਰਿਫਤਾਰੀ 'ਤੇ ਰੋਕ ਨੂੰ ਲੈ ਕੇ 24 ਅਪ੍ਰੈਲ ਨੂੰ ਜਾਰੀ ਅੰਤਰਿਮ ਰੋਕ ਇਕ ਵਾਰ ਫਿਰ ਤਿੰਨ ਹਫ਼ਤਿਆਂ ਲਈ ਵਧਾ ਦਿੱਤੀ ਅਤੇ ਇਸ ਵਿਚ ਸਥਾਈ ਰਾਹਤ ਲਈ ਸੰਬੰਧਤ ਕੋਰਟ ਦੇ ਸਾਹਮਣੇ ਜਾਣ ਦੀ ਮਨਜ਼ੂਰੀ ਪ੍ਰਦਾਨ ਕਰ ਦਿੱਤੀ।

DIsha

This news is Content Editor DIsha