ਫ਼ੌਜ 'ਚ ਜਾਣ ਦੇ ਇਛੁੱਕ ਨੌਜਵਾਨਾਂ ਨੂੰ ਸਿਖਲਾਈ ਦੇ ਰਹੇ ਹਨ ਸੇਵਾਮੁਕਤ ਫ਼ੌਜ ਅਧਿਕਾਰੀ

09/12/2020 6:19:11 PM

ਜੰਮੂ- ਜੰਮੂ-ਕਸ਼ਮੀਰ 'ਚ ਕੌਮਾਂਤਰੀ ਸਰਹੱਦ ਨੇੜੇ ਵਸੇ ਇਕ ਸੂਬੇ ਦੇ ਇਕ ਮੈਦਾਨ 'ਚ ਰੋਜ਼ਾਨਾ ਦਿਨ 'ਚ 2 ਵਾਰ ਸੈਂਕੜਿਆਂ ਦੀ ਗਿਣਤੀ 'ਚ ਨੌਜਵਾਨ ਫੌਜ 'ਚ ਭਰਤੀ ਹੋਣ ਲਈ ਤਿਆਰੀ ਦੇ ਉਦੇਸ਼ ਨਾਲ ਜੁਟਦੇ ਹਨ। ਉਨ੍ਹਾਂ ਨੂੰ ਫੌਜ ਤੋਂ ਸੇਵਾਮੁਕਤ 57 ਸਾਲਾ ਫੌਜ ਅਧਿਕਾਰੀ ਹਥਿਆਰਬੰਦ ਫੋਰਸਾਂ 'ਚ ਭਰਤੀ ਹੋਣ ਲਈ ਸਵੈਇੱਛਕ ਰੂਪ ਨਾਲ ਸਿਖਲਾਈ ਦਿੰਦੇ ਹਨ। ਸੁਚੇਤਗੜ੍ਹ ਸੈਕਟਰ ਦੇ ਸਰਹੱਦੀ ਪਿੰਡ ਸਤ੍ਰਾਯਨ ਦੇ ਰਹਿਣ ਵਾਲੇ ਕੈਪਟਨ (ਸੇਵਾਮੁਕਤ) ਸ਼ੇਰ ਸਿੰਘ ਨੇ 2011 'ਚ ਸਥਾਨਕ ਨੌਜਵਾਨਾਂ ਲਈ 'ਮਿਸ਼ਨ ਸਿਖਲਾਈ' ਸ਼ੁਰੂ ਕੀਤੀ ਸੀ। ਉਹ ਉਸੇ ਸਾਲ ਫੌਜ 'ਚ 31 ਸਾਲਾਂ ਦੀ ਸੇਵਾ ਤੋਂ ਬਾਅਦ ਸੇਵਾਮੁਕਤ ਹੋਏ ਸਨ। ਕੋਰੋਨਾ ਵਾਇਰਸ ਕਾਰਨ ਲਾਗੂ ਤਾਲਾਬੰਦੀ ਕਾਰਨ ਚਾਰ ਮਹੀਨਿਆਂ ਨੂੰ ਛੱਡ ਦੇਈਏ ਤਾਂ ਸਵੇਰੇ ਅਤੇ ਦੇਰ ਸ਼ਾਮ ਨੂੰ ਜੰਮੂ ਜ਼ਿਲ੍ਹਾ ਪ੍ਰਸ਼ਾਸਨ ਦੇ ਸਰਗਰਮ ਸਹਿਯੋਗ ਨਾਲ ਸਿਖਲਾਈ ਦਾ ਪ੍ਰੋਗਰਾਮ ਸਹੀ ਢੰਗ ਨਾਲ ਚੱਲ ਰਿਹਾ ਹੈ। ਫੌਜ 'ਚ ਭਰਤੀ ਦੇ ਇਛੁੱਕ ਉਮੀਦਵਾਰ ਲਿਖਤੀ ਪ੍ਰੀਖਿਆ ਵੀ ਸਹੀ ਤਰ੍ਹਾਂ ਪਾਸ ਕਰ ਸਕਣ, ਇਸ ਲਈ ਸਕੂਲੀ ਅਧਿਆਪਕ ਨੂੰ ਵੀ ਇਸ ਪ੍ਰੋਗਰਾਮ ਨਾਲ ਜੋੜਿਆ ਗਿਆ ਹੈ। ਸਿੰਘ 1980 'ਚ ਜੰਮੂ-ਕਸ਼ਮੀਰ ਰਾਈਫਲਜ਼ 'ਚ ਭਰਤੀ ਹੋਏ ਸਨ ਅਤੇ ਤਰੱਕੀ ਹੋਣ ਤੋਂ ਬਾਅਦ ਕੈਪਟਨ ਦੇ ਅਹੁਦੇ ਤੱਕ ਪਹੁੰਚੇ ਸਨ।

ਉਨ੍ਹਾਂ ਨੇ ਦੱਸਿਆ,''ਸਰਹੱਦੀ ਖੇਤਰ ਦੇ ਨੌਜਵਾਨਾਂ ਲਈ ਪਹਿਲੀ ਪਹਿਲ ਫੌਜ ਜਾਂ ਕਿਸੇ ਹੋਰ ਹਥਿਆਰਬੰਦ ਫੋਰਸ 'ਚ ਭਰਤੀ ਹੋਣਾ ਸੀ ਅਤੇ ਮੈਂ ਖੁਸ਼ ਹਾਂ ਕਿ ਦਰਜਨਾਂ ਕੁੜੀਆਂ ਸਮੇਤ ਮੇਰੇ 3600 ਤੋਂ ਵੱਧ ਵਿਦਿਆਰਥੀ ਬੀਤੇ 9 ਸਾਲਾਂ 'ਚ ਭਰਤੀ ਹੋ ਚੁਕੇ ਹਨ ਅਤੇ ਆਪਣਾ ਸੁਫ਼ਨਾ ਸਾਕਾਰ ਕਰ ਚੁਕੇ ਹਨ।'' ਫੌਜ 'ਚ ਆਪਣੀ ਲੰਬੀ ਸੇਵਾ ਦੌਰਾਨ ਕਮਾਂਡੋ ਸਿਖਲਾਈ ਸਮੇਤ ਕਈ ਤਰ੍ਹਾਂ ਦੇ ਪਾਠਕ੍ਰਮਾਂ ਦਾ ਅਧਿਐਨ ਕਰ ਚੁਕੇ ਅਨੁਭਵੀ ਟਰੇਨਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਪੈਨਸ਼ਨ 'ਤੇ ਵਾਪਸ ਆਪਣੇ ਪਿੰਡ ਆਏ ਤਾਂ ਉਨ੍ਹਾਂ ਨੂੰ ਇਹ ਦੇਖ ਕੇ ਦੁੱਖ ਹੋਇਆ ਕਿ ਨੌਜਵਾਨ ਬਿਨਾਂ ਉਦੇਸ਼ ਦੇ ਭਟਕ ਰਹੇ ਹਨ ਅਤੇ ਉਨ੍ਹਾਂ 'ਚੋਂ ਕੁਝ ਨਸ਼ਾ ਵੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ,''ਸਾਡੇ ਨੌਜਵਾਨ ਬੇਹੱਦ ਪ੍ਰਤਿਭਾਸ਼ਾਲੀ ਅਤੇ ਮਿਹਨਤੀ ਹਨ ਅਤੇ ਜੇਕਰ ਉਨ੍ਹਾਂ ਨੂੰ ਸਹੀ ਪ੍ਰਰੇਨਾ ਮਿਲੇ ਤਾਂ ਕਿਸੇ ਤੋਂ ਘੱਟ ਨਹੀਂ ਹੈ।'' 

ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਮੁੰਡਿਆਂ ਨਾਲ ਸ਼ੁਰੂਆਤ ਕੀਤੀ ਸੀ ਅਤੇ ਸਮਾਂ ਬੀਤਣ ਦੇ ਨਾਲ ਹੀ ਇਹ ਗਿਣਤੀ ਹੁਣ 1000 ਦੇ ਵੀ ਪਾਰ ਹੋ ਗਈ ਹੈ। ਸਿੰਘ ਨੇ 1990 ਦੇ ਦਹਾਕੇ ਦੀ ਸ਼ੁਰੂਆਤ 'ਚ ਸੂਬੇ 'ਚ ਅੱਤਵਾਦ ਦੇ ਸਿਖਰ 'ਤੇ ਰਹਿਣ ਦੌਰਾਨ ਸਰਹੱਦੀ ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਅਤੇ ਮਾਛਿਲ ਸੈਕਟਰ 'ਚ ਕੰਟਰੋਲ ਰੇਖਾ 'ਤੇ ਕਾਫ਼ੀ ਸਮੇਂ ਤਾਇਨਾਤ ਰਹਿਣ ਦੇ ਨਾਲ ਆਪਣੀ ਕਰੀਬ ਅੱਧੀ ਨੌਕਰੀ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਤਾਇਨਾਤੀ ਦੌਰਾਨ ਕੀਤੀ ਹੈ। ਕਈ ਵਾਰ ਉਨ੍ਹਾਂ ਦਾ ਅੱਤਵਾਦੀਆਂ ਨਾਲ ਆਹਮਣਾ-ਸਾਹਮਣਾ ਵੀ ਹੋਇਆ। ਸਿੰਘ ਨੇ ਕਿਹਾ ਕਿ ਸਿਖਲਾਈ ਦੇਣ ਕਾਰਨ ਉਨ੍ਹਾਂ ਦੀ ਖ਼ੁਦ ਦੀ ਫਿਟਨੈੱਸ ਵੀ ਬਰਕਰਾਰ ਹੈ।

DIsha

This news is Content Editor DIsha