ਫ਼ੌਜ ਮੁਖੀ ਨੇ ਲੱਦਾਖ ਦਾ ਦੌਰਾ ਕਰ ਕੇ ਹਾਲਾਤ ਦਾ ਲਿਆ ਜਾਇਜ਼ਾ

06/24/2020 4:51:28 PM

ਲੱਦਾਖ (ਭਾਸ਼)— ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਬੁੱਧਵਾਰ ਨੂੰ ਪੂਰਬੀ ਲੱਦਾਖ ਵਿਚ ਵੱਖ-ਵੱਖ ਮੋਹਰੀ ਇਲਾਕਿਆਂ ਦਾ ਦੌਰਾ ਕੀਤਾ ਅਤੇ ਚੀਨੀ ਫ਼ੌਜ ਨਾਲ ਹੋਈ ਹਿੰਸਕ ਝੜਪ ਦੇ ਮੱਦੇਨਜ਼ਰ ਫ਼ੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਲੱਦਾਖ ਦੀ ਦੋ ਦਿਨਾਂ ਯਾਤਰਾ 'ਤੇ ਲੇਹ ਪਹੁੰਚੇ ਜਨਰਲ ਨਰਵਾਣੇ ਨੇ ਹਾਲ ਹੀ 'ਚ ਹੋਈ ਹਿੰਸਕ ਝੜਪ 'ਚ ਚੀਨੀ ਫ਼ੌਜੀਆਂ ਤੋਂ ਲੋਹਾਂ ਲੈਣ ਵਾਲੇ ਭਾਰਤੀ ਫ਼ੌਜੀਆਂ ਨੂੰ ਪ੍ਰਸ਼ੰਸਾ ਪੱਤਰ ਵੀ ਪ੍ਰਦਾਨ ਕੀਤੇ। 

ਫ਼ੌਜ ਮੁਖੀ ਨੇ ਮੰਗਲਵਾਰ ਦੁਪਹਿਰ ਨੂੰ ਉੱਤਰੀ ਫ਼ੌਜੀ ਕਮਾਂਡਰ ਲੈਫਟੀਨੈਂਟ ਜਨਰਲ ਯੋਗੇਸ਼ ਕੁਮਾਰ ਜੋਸ਼ੀ, 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਅਤੇ ਫ਼ੌਜ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਖੇਤਰ ਵਿਚ ਸੰਪੂਰਨ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ ਸੀ। ਫ਼ੌਜ ਨੇ ਟਵੀਟ ਕੀਤਾ ਕਿ ਫ਼ੌਜ ਮੁਖੀ ਜਨਰਲ ਨਰਵਾਣੇ ਨੇ ਪੂਰਬੀ ਲੱਦਾਖ ਵਿਚ ਮੋਹਰੀ ਇਲਾਕਿਆਂ ਦਾ ਦੌਰਾ ਕੀਤਾ ਅਤੇ ਹਾਲਾਤ ਦੀ ਸਮੀਖਿਆ ਕੀਤੀ।

ਫ਼ੌਜ ਮੁਖੀ ਨੇ ਫ਼ੌਜੀਆਂ ਦੇ ਉੱਚੇ ਮਨੋਬਲ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤਾ ਅਤੇ ਉਨ੍ਹਾਂ ਨੂੰ ਉਤਸ਼ਾਹ ਨਾਲ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਲੇਹ ਪਹੁੰਚਣ ਤੋਂ ਬਾਅਦ ਫ਼ੌਜ ਮੁਖੀ ਤੁਰੰਤ ਫ਼ੌਜ ਦੇ ਹਸਪਤਾਲ ਪਹੁੰਚੇ, ਜਿੱਥੇ ਗਲਵਾਨ ਘਾਟੀ ਵਿਚ 15 ਜੂਨ ਨੂੰ ਝੜਪ ਵਿਚ ਜ਼ਖਮੀ ਹੋਏ 18 ਫ਼ੌਜੀਆਂ ਦਾ ਇਲਾਜ ਚੱਲ ਰਿਹਾ ਹੈ। ਦੱਸ ਦੇਈਏ ਕਿ ਚੀਨ ਦੀ ਫ਼ੌਜ ਨਾਲ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਵਿਚ ਭਾਰਤੀ ਫ਼ੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ ਅਤੇ 18 ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ।

Tanu

This news is Content Editor Tanu