ਕਸ਼ਮੀਰ ’ਚ ਪਹਿਲੀ ਵਾਰ ਤਿੰਨੇ ਫੌਜਾਂ ਦੇ ਵਿਸ਼ੇਸ਼ ਸਾਂਝੇ ਦਸਤੇ ਤਾਇਨਾਤ

11/25/2019 7:57:54 AM

ਕਸ਼ਮੀਰ,  (ਏਜੰਸੀਆਂ)- ਜੰਮੂ-ਕਸ਼ਮੀਰ ’ਚ ਦਹਿਸ਼ਤਗਰਦੀ ਖਿਲਾਫ ਵੱਡਾ ਕਦਮ ਚੁੱਕਦੇ ਹੋਏ ਕੇਂਦਰ ਸਰਕਾਰ ਨੇ ਜ਼ਮੀਨੀ ਫੌਜ, ਸਮੁੰਦਰੀ ਫੌਜ ਤੇ ਹਵਾਈ ਫੌਜ ਦੇ ਵਿਸ਼ੇਸ਼ ਸਾਂਝੇ ਦਸਤਿਆਂ ਦੀ ਤਾਇਨਾਤੀ ਕੀਤੀ ਹੈ। ਸੀਨੀਅਰ ਰੱਖਿਆ ਸੂਤਰਾਂ ਅਨੁਸਾਰ ਵਿਸ਼ੇਸ਼ ਸੁਰੱਖਿਆ ਬਲਾਂ ਵਿਚ ਫੌਜ ਦੇ ਪੈਰਾ, ਸਮੁੰਦਰੀ ਫੌਜ ਦੇ ਮੈਰੀਨ ਕਮਾਂਡੋਜ਼ (ਮਾਸਕੋਸ ਅਤੇ ਭਾਰਤੀ ਹਵਾਈ ਫੌਜ ਦੇ ਗਰੁੜ ਸਪੈਸ਼ਲ) ਦਸਤੇ ਸ਼ਾਮਲ ਹਨ। ਕਸ਼ਮੀਰ ’ਚ ਇਨ੍ਹਾਂ ਸੁਰੱਖਿਆ ਦਸਤਿਆਂ ਦੀ ਤਾਇਨਾਤੀ ਰੱਖਿਆ ਵਜ਼ਾਰਤ ਦੀ ਨਵੀਂ ਕਾਇਮ ਹੋਈ ਕਾਰਵਾਈ ਬਾਰੇ ਹਥਿਆਰਬੰਦ ਵਿਸ਼ੇਸ਼ ਡਵੀਜ਼ਨ ਦੇ ਤਹਿਤ ਕੀਤੀ ਗਈ।

ਸੂਤਰਾਂ ਨੇ ਦੱਸਿਆ ਕਿ ਤਿੰਨੋਂ ਫੌਜਾਂ ਦੇ ਵਿਸ਼ੇਸ਼ ਦਸਤਿਆਂ ਨੂੰ ਘਾਟੀ ’ਚ ਤਾਇਨਾਤ ਕਰਨ ਦਾ ਅਮਲ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ਫੌਜ ਦੇ ਪੈਰਾ ਦਸਤਿਆਂ ਨੂੰ ਸ਼੍ਰੀਨਗਰ ਦੇ ਨੇੜੇ ਦਹਿਸ਼ਤਗਰਦੀ ਤੋਂ ਪ੍ਰਭਾਵਿਤ ਇਲਾਕਿਆਂ ਵਿਚ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਾਰਕੋਸ ਅਤੇ ਹਵਾਈ ਫੌਜ ਦੇ ਦਸਤਿਆਂ ਨੂੰ ਵੀ ਛੇਤੀ ਹੀ ਦਹਿਸ਼ਤਗਰਦੀ ਵਿਰੋਧੀ ਮੁਹਿੰਮ ਵਿਚ ਪੂਰੀ ਤਰ੍ਹਾਂ ਸ਼ਾਮਲ ਕਰ ਲਿਆ ਜਾਵੇਗਾ। ਕਸ਼ਮੀਰ ਘਾਟੀ ਵਿਚ ਮਾਰਕੋਸ ਅਤੇ ਹਵਾਈ ਫੌਜ ਦੀ ਛੋਟੀ ਟੀਮ ਕੰਮ ਕਰ ਰਹੀ ਹੈ। ਇਹ ਪਹਿਲੀ ਵਾਰ ਹੈ ਕਿ ਇਥੇ ਤਿੰਨੋਂ ਫੌਜਾਂ ਦੇ ਜਵਾਨ ਇਕੱਠੇ ਮਿਲ ਕੇ ਕੰਮ ਕਰਨਗੇ।

ਹਵਾਈ ਫੌਜ ਦੇ ਵਿਸ਼ੇਸ਼ ਦਸਤਿਆਂ ਦੀ ਸਫਲਤਾ ਦਰ ਵੱਧ

ਮਾਰਕੋਸ ਕਮਾਂਡਜ਼ ਦੀ ਤਾਇਨਾਤੀ ਬੁਲਰ ਝੀਲ ਦੇ ਆਲੇ-ਦੁਆਲੇ ਕੀਤੀ ਗਈ ਹੈ, ਜਦੋਂਕਿ ਹਵਾਈ ਫੌਜ ਦੇ ਜਵਾਨਾਂ ਨੂੰ ਲੋਲਾਵ ਇਲਾਕੇ ਅਤੇ ਹਾਜਿਨ ਵਿਚ ਤਾਇਨਾਤ ਕੀਤਾ ਗਿਆ ਹੈ। ਇਸੇ ਖੇਤਰ ਵਿਚ ਹਵਾਈ ਫੌਜ ਦੇ ਵਿਸ਼ੇਸ਼ ਦਸਤਿਆਂ ਦੀ ਸਫਲਤਾ ਦਰ ਵਧੇਰੇ ਰਹੀ ਹੈ। ਇਨ੍ਹਾਂ ਨੇ ਆਪ੍ਰੇਸ਼ਨ ਰੱਕ ਹਾਜਿਨ ਵਿਚ ਇਕੋ ਵਾਰ 6 ਦਹਿਸ਼ਤਗਰਦਾਂ ਨੂੰ ਢੇਰ ਕਰ ਦਿੱਤਾ ਸੀ। ਇਸ ਘਟਨਾ ਵਿਚ ਕਾਰਪੋਰਲ ਜੇ. ਪੀ. ਨਰਾਲਾ ਸ਼ਹੀਦ ਹੋ ਗਏ ਸਨ, ਜਿਨ੍ਹਾਂ ਨੂੰ ਮਰਨ ਉਪਰੰਤ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਵਿਸ਼ੇਸ਼ ਦਸਤੇ 2 ਅਭਿਆਸ ਸੈਸ਼ਨਾਂ ’ਚ ਲੈ ਚੁੱਕੇ ਹਨ ਹਿੱਸਾ

ਕਸ਼ਮੀਰ ’ਚ ਸਾਂਝੇ ਵਿਸ਼ੇਸ਼ ਦਸਤਿਆਂ ਦੀ ਤਾਇਨਾਤੀ ਦਾ ਮੰਤਵ ਜਵਾਨਾਂ ਨੂੰ ਸਾਂਝੇ ਤੌਰ ’ਤੇ ਕਾਰਵਾਈ ਕਰਨ ਦਾ ਮਾਹੌਲ ਦੇਣਾ ਹੈ। ਵਿਸ਼ੇਸ਼ ਦਸਤਿਆਂ ਨੇ ਦੋ ਮਹੱਤਵਪੂਰਨ ਅਭਿਆਸ ਸੈਸ਼ਨਾਂ ਵਿਚ ਹਿੱਸਾ ਲਿਆ ਸੀ। ਪਹਿਲਾ ਕੱਛ ਇਲਾਕੇ ਵਿਚ ਕੀਤਾ ਗਿਆ ਸੀ, ਜਦੋਂਕਿ ਦੂਜਾ ਅਭਿਆਸ ਅੰਡੇਮਾਨ ਤੇ ਨਿਕੋਬਾਰ ਜਜ਼ੀਰਿਆਂ ਦੇ ਸਮੂਹ ਵਿਚ ਹੋਇਆ ਸੀ। ਸਾਂਝੀ ਮੁਹਿੰਮ ਡਵੀਜ਼ਨ ਦੇ ਪਹਿਲੇ ਮੁਖੀ ਮੇਜਰ ਜਨਰਲ ਅਸ਼ੋਕ ਧੀਂਗਰਾ ਹਨ।