ਅਨੁਰਾਗ ਠਾਕੁਰ ਨੇ ਲਾਂਚ ਕੀਤੀ ਆਨਲਾਈਨ ਸਿੱਖਿਅਕ ਮੋਬਾਇਲ ਗੇਮ ‘ਆਜ਼ਾਦੀ ਕਵੈਸਟ’

08/25/2022 4:20:37 PM

ਨਵੀਂ ਦਿੱਲੀ (ਭਾਸ਼ਾ)– ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਸਿੱਖਿਅਕ ਆਨਲਾਈਨ ਮੋਬਾਇਲ ਗੇਮ ਦੀ ਲੜੀ ‘ਆਜ਼ਾਦੀ ਕਵੈਸਟ’ ਲਾਂਚ ਕੀਤੀ, ਜਿਸ ਵਿਚ ਆਜ਼ਾਦੀ ਦੇ ਸੰਘਰਸ਼ ਦੇ ਗੁੰਮਨਾਮ ਨਾਇਕਾਂ ਦੇ ਯੋਗਦਾਨ ਨੂੰ ਰੇਖਾਂਕਿਤ ਕੀਤਾ ਜਾਵੇਗਾ। ‘ਆਜ਼ਾਦੀ ਕਵੈਸਟ’ ਅਤੇ ‘ਹੀਰੋਜ਼ ਆਫ ਭਾਰਤ’ ਮੋਬਾਇਲ ਗੇਮ ਨੂੰ ਜਿੰਗਾ ਇੰਡੀਆ ਨੇ ਪ੍ਰਕਾਸ਼ਨ ਵਿਭਾਗ ਅਤੇ ਭਾਰਤੀ ਇਤਿਹਾਸ ਖੋਜ ਪ੍ਰੀਸ਼ਦ (ਆਈ. ਸੀ. ਐੱਚ. ਆਰ.) ਦੀ ਭਾਈਵਾਲੀ ਵਿਚ ਵਿਕਸਿਤ ਕੀਤਾ ਹੈ।

ਠਾਕੁਰ ਨੇ ਕਿਹਾ ਕਿ ਇਹ ਖੇਡ ਆਨਲਾਈਨ ਗੇਮ ਦੇ ਵਿਸ਼ਾਲ ਬਾਜ਼ਾਰ ਦਾ ਉਪਯੋਗ ਕਰਨ ਅਤੇ ਇਨ੍ਹਾਂ ਖੇਡਾਂ ਰਾਹੀਂ ਸਿੱਖਿਅਤ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹਨ। ਭਾਰਤ ਸਰਕਾਰ ਦੀਆਂ ਵੱਖ-ਵੱਖ ਇਕਾਈਆਂ ਦੇਸ਼ ਦੇ ਹਰ ਹਿੱਸੇ ਤੋਂ ਗੁੰਮਨਾਮ ਆਜ਼ਾਦੀ ਘੁਲਾਟੀਆਂ ਦੀਆਂ ਜਾਣਕਾਰੀਆਂ ਇਕੱਠੀਆਂ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਆਨਲਾਈਨ ਗੇਮ ਦੇ ਖੇਤਰ ਨੇ ਸਾਲ 2021 ਵਿਚ 28 ਫੀਸਦੀ ਦੀ ਦਰ ਨਾਲ ਵਿਕਾਸ ਕੀਤਾ ਅਤੇ ਸਾਲ 2023 ਵਿਚ ਆਨਲਾਈਨ ਗੇਮ ਖੇਡਣ ਵਾਲਿਆਂ ਦੀ ਗਿਣਤੀ 45 ਕਰੋੜ ਤੱਕ ਪੁੱਜਣ ਦੀ ਉਮੀਦ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਸਕੱਤਰ ਅਪੂਰਵ ਚੰਦਰ ਨੇ ਦੱਸਿਆ ਕਿ ਇਨ੍ਹਾਂ ਆਨਲਾਈਨ ਖੇਡਾਂ ਦਾ ਵਿਕਾਸ ਕਰਨ ਦਾ ਵਿਚਾਰ ਇਸ ਸਾਲ ਦੁਬਈ ਐਕਸਪੋ ਤੋਂ ਬਾਅਦ ਠਾਕੁਰ ਅਤੇ ਜਿੰਗਾ ਇੰਡੀਆ ਦੇ ਨੁਮਾਇੰਦਿਆਂ ਦਰਮਿਆਨ ਹੋਈ ਬੈਠਕ ਦੌਰਾਨ ਆਇਆ।

ਜ਼ਿਕਰਯੋਗ ਹੈ ਕਿ ‘ਆਜ਼ਾਦੀ ਕਵੈਸਟ’ ਲੜੀ ਦੇ ਸ਼ੁਰੂਆਤੀ 2 ਗੇਮ ਭਾਰਤ ਦੀ ਆਜ਼ਾਦੀ ਦੀ ਕਹਾਣੀ ਨੂੰ ਬਿਆਨ ਕਰਦੇ ਹਨ ਅਤੇ ਅਹਿਮ ਪੜਾਵਾਂ ਅਤੇ ਨਾਇਕਾਂ ਦੀ ਜਾਣਕਾਰੀ ਖੇਡ-ਖੇਡ ਵਿਚ ਮਜ਼ੇਦਾਰ ਤਰੀਕੇ ਨਾਲ ਦਿੰਦੇ ਹਨ। ਉਥੇ ਹੀ ‘ਹੀਰੋਜ਼ ਆਫ ਭਾਰਤ’ ਨੂੰ ਭਾਰਤੀ ਆਜ਼ਾਦੀ ਨਾਲ ਜੁੜੇ ਗਿਆਨ ਦੀ ਜਾਂਚ ਕਰਨ ਲਈ ਇਕ ‘ਕੁਇਜ਼ ਗੇਮ’ ਦੇ ਤੌਰ ’ਤੇ ਡਿਜ਼ਾਈਨ ਕੀਤਾ ਗਿਆ ਹੈ।

Rakesh

This news is Content Editor Rakesh