ਅਮਰੀਕਾ ਦੇ ਅਧਿਕਾਰੀ ਦੀ ਭਾਰਤ ਨੂੰ ਧਮਕੀ- ਰੂਸ ਨਾਲ ਗਠਜੋੜ ਕੀਤਾ ਤਾਂ ਚੁਕਾਉਣੀ ਪਵੇਗੀ ਭਾਰੀ ਕੀਮਤ

04/08/2022 9:34:21 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਿਖਰ ਆਰਥਕ ਸਲਾਹਕਾਰ ਬ੍ਰਾਇਨ ਡੀਜ਼ ਨੇ ਭਾਰਤ ਨੂੰ ਰੂਸ ਨਾਲ ਗਠਜੋੜ ਕਰਨ ਦੇ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। ਡੀਜ਼ ਨੇ ਕਿਹਾ ਕਿ ਯੂਕ੍ਰੇਨ ’ਤੇ ਰੂਸ ਦੇ ਹਮਲੇ ਨੂੰ ਲੈ ਕੇ ਭਾਰਤ ਦੀ ਪ੍ਰਤੀਕਿਰਿਆ ਨੇ ਅਮਰੀਕਾ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਭਾਰਤ ਰੂਸ ਨਾਲ ਗਠਜੋੜ ਕਰਦਾ ਹੈ ਤਾਂ ਉਸ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।

ਇਹ ਵੀ ਪੜ੍ਹੋ: ਕੈਨੇਡਾ 'ਚ ਕਪੂਰਥਲਾ ਦੀ 24 ਸਾਲਾ ਪੰਜਾਬਣ ਦੇ ਕਤਲ ਮਾਮਲੇ 'ਚ ਗੋਰਾ ਗ੍ਰਿਫ਼ਤਾਰ

ਵ੍ਹਾਈਟ ਹਾਊਸ ਨੈਸ਼ਨਲ ਇਕਾਨਮਿਕ ਕੌਂਸਲ ਦੇ ਨਿਰਦੇਸ਼ਕ ਬ੍ਰਾਇਨ ਡੀਜ਼ ਨੇ ਕਿਹਾ ਕਿ ਯੂਕ੍ਰੇਨ ਦੇ ਸੰਦਰਭ ’ਚ ਅਸੀਂ ਪੂਰੀ ਤਰ੍ਹਾਂ ਭਾਰਤ ਦੇ ਨਾਲ-ਨਾਲ ਚੀਨ ਦੇ ਫ਼ੈਸਲਿਆਂ ਤੋਂ ਨਾਖ਼ੁਸ਼ ਹਾਂ। ਡੀਜ਼ ਨੇ ਕਿਹਾ ਕਿ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਇਕ ਪਾਸੇ ਅਮਰੀਕਾ, ਯੂਰਪ, ਆਸਟ੍ਰੇਲੀਆ ਅਤੇ ਜਾਪਾਨ ਨੇ ਰੂਸ ’ਤੇ ਆਰਥਿਕ ਪਾਬੰਦੀਆਂ ਲਾਈਆਂ, ਜਦੋਂ ਕਿ ਭਾਰਤ ਨੇ ਨਾ ਸਿਰਫ਼ ਪਾਬੰਦੀਆਂ ਤੋਂ ਇਨਕਾਰ ਕੀਤਾ, ਸਗੋਂ ਰੂਸੀ ਤੇਲ ਦੀ ਦਰਾਮਦ ਜਾਰੀ ਰੱਖੀ। ਉਨ੍ਹਾਂ ਕਿਹਾ ਕਿ ਰੂਸੀ ਹਮਲੇ ’ਤੇ ਨਵੀਂ ਦਿੱਲੀ ਦੇ ਰੁਖ਼ ਨੇ ਵਾਸ਼ਿੰਗਟਨ ਨਾਲ ਉਸ ਦੇ ਸਬੰਧਾਂ ਨੂੰ ਮੁਸ਼ਕਿਲ ਬਣਾ ਦਿੱਤਾ ਹੈ, ਜਦੋਂ ਕਿ ਏਸ਼ੀਆ ’ਚ ਚੀਨੀ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਭਾਰਤ ਨੂੰ ਇਕ ਮਹੱਤਵਪੂਰਣ ਭਾਈਵਾਲ ਦੇ ਰੂਪ ’ਚ ਵੇਖਿਆ ਜਾਂਦਾ ਹੈ।

ਇਹ ਵੀ ਪੜ੍ਹੋ: ਸ੍ਰੀਲੰਕਾ 'ਚ ਹੋਰ ਡੂੰਘਾ ਹੋਇਆ ਆਰਥਿਕ ਸੰਕਟ, ਭਾਰਤ ਨੇ ਭੇਜੀ ਪੈਟਰੋਲ-ਡੀਜ਼ਲ ਦੀ ਵੱਡੀ ਖੇਪ

ਡੀਜ਼ ਦੀ ਇਹ ਟਿੱਪਣੀ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਲੀਪ ਸਿੰਘ ਦੀ ਪਿਛਲੇ ਹਫ਼ਤੇ ਅਧਿਕਾਰੀਆਂ ਨਾਲ ਬੈਠਕ ਲਈ ਭਾਰਤ ਆਉਣ ਤੋਂ ਬਾਅਦ ਆਈ ਹੈ। ਦਲੀਪ ਸਿੰਘ ਵੀ ਰੂਸ ਨਾਲ ਸੰਬੰਧ ਬਣਾਈ ਰੱਖਣ ਨੂੰ ਲੈ ਕੇ ਧਮਕੀ ਦੇ ਚੁੱਕੇ ਹਨ। ਭਾਰਤ ਦੇ ਵਿਦੇਸ਼ ਮੰਤਰੀ ਸੁਬਰਮਣੀਇਮ ਜੈਸ਼ੰਕਰ ਮਾਸਕੋ ਦੇ ਨਾਲ ਨਵੀਂ ਦਿੱਲੀ ਦੇ ਸਬੰਧਾਂ ਦੇ ਮਹੱਤਵ ਨੂੰ ਦਰਸਾ ਚੁੱਕੇ ਹਨ। ਰੂਸ ਵੱਖ-ਵੱਖ ਖੇਤਰਾਂ ’ਚ ਇਕ ਮਹੱਤਵਪੂਰਣ ਭਾਈਵਾਲ ਹੈ। ਹੋਰ ਸਾਰੇ ਦੇਸ਼ਾਂ ਵਾਂਗ ਭਾਰਤ ਵੀ ਯੂਕ੍ਰੇਨ ’ਚ ਰੂਸ ਦੇ ਹਮਲੇ ਦੇ ਨਿੱਜੀ ਸਵਾਰਥ ਦਾ ਮੁਲਾਂਕਣ ਕਰ ਰਿਹਾ ਹੈ ਅਤੇ ਇਹ ਤੈਅ ਕਰ ਰਿਹਾ ਹੈ ਕਿ ਸਾਡੇ ਰਾਸ਼ਟਰੀ ਹਿੱਤ ਲਈ ਸਭ ਤੋਂ ਚੰਗਾ ਕੀ ਹੈ। ਰੂਸੀ ਤੇਲ ਦੀ ਮੰਗ ਤੋਂ ਇਲਾਵਾ ਭਾਰਤ ਰੂਸੀ ਹਥਿਆਰਾਂ ਦਾ ਦੁਨੀਆ ਦਾ ਸਭ ਤੋਂ ਵੱਡਾ ਖ਼ਰੀਦਦਾਰ ਹੈ। ਭਾਰਤ ਨੂੰ ਪਾਕਿਸਤਾਨ ਅਤੇ ਚੀਨ ਦੋਵਾਂ ਦਾ ਮੁਕਾਬਲਾ ਕਰਨ ਲਈ ਰੂਸੀ ਹਥਿਆਰਾਂ ਦੀ ਲੋੜ ਹੈ ਅਤੇ ਬਦਲ ਬਹੁਤ ਮਹਿੰਗੇ ਹਨ।

ਇਹ ਵੀ ਪੜ੍ਹੋ: ਭਾਰਤ ਨੇ ਕੀਤੀ ਯੂਕ੍ਰੇਨ 'ਚ ਹੋਏ ਕਤਲੇਆਮ ਦੀ ਨਿੰਦਾ, ਅਮਰੀਕਾ ਨੇ ਦਿੱਤੀ ਇਹ ਪ੍ਰਤੀਕਿਰਿਆ

ਬੁਚਾ ’ਚ ਕਤਲੇਆਮ ਦੀ ਭਾਰਤ ਦੇ ਨਿੰਦਾ ਕਰਨ ਦਾ ਸਵਾਗਤ
ਰਿਪਬਲਿਕਨ ਪਾਰਟੀ ਦੇ ਪ੍ਰਭਾਵਸ਼ਾਲੀ ਸੀਨੇਟਰ ਅਤੇ ਇੰਡੀਆ ਕਾਕਸ ਦੇ ਡਿਪਟੀ ਚੇਅਰਮੈਨ ਜਾਨ ਕੋਰਨਿਨ ਨੇ ਰੂਸੀ ਫ਼ੌਜ ਦੇ ਯੂਕ੍ਰੇਨ ਦੇ ਬੁਚਾ ’ਚ ਲੋਕਾਂ ਦੇ ਕਤਲੇਆਮ ਦੀ ਭਾਰਤ ਵੱਲੋਂ ਨਿੰਦਾ ਕੀਤੇ ਜਾਣ ਦਾ ਬੁੱਧਵਾਰ ਨੂੰ ਸਵਾਗਤ ਕੀਤਾ। ਕੋਰਨਿਨ ਨੇ ਅਮਰੀਕਾ ’ਚ ਭਾਰਤ ਦੇ ਸਥਾਈ ਪ੍ਰਤਿਨਿੱਧੀ ਟੀ. ਐੱਸ. ਤਿਰੁਮੂਰਤੀ ਦੀਆਂ ਟਿੱਪਣੀਆਂ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ, ‘‘ਸਾਡੇ ਦੋਸਤਾਂ ਦੀ ਪ੍ਰਤੀਕਿਰਿਆ ਦਾ ਸਵਾਗਤ ਕਰਦਾ ਹਾਂ। ਭਾਰਤ ਦਾ ਯੂਕ੍ਰੇਨ ਦੇ ਬੁਚਾ ’ਚ ਕਤਲੇਆਮ ਦੀ ਨਿੰਦਾ ਕਰਨਾ ਉਸ ਦੇ ਸਖਤ ਹੁੰਦੇ ਰੁਖ਼ ਨੂੰ ਦਕਸਾਉਂਦਾ ਹੈ।’’ ਕੋਰਨਿਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਵੋਟਿੰਗ ਤੋਂ ਭਾਰਤ ਦੇ ਦੂਰ ਰਹਿਣ ਦੀ ਆਲੋਚਨਾ ਕਰਦੇ ਰਹੇ ਹਨ।

ਇਹ ਵੀ ਪੜ੍ਹੋ: ਕੈਨੇਡਾ ਮਗਰੋਂ ਅਮਰੀਕਾ ਬਣਿਆ ਭਾਰਤੀਆਂ ਦੀ ਪਸੰਦ, ਲਗਾਤਾਰ ਵੱਧ ਰਹੀ ਹੈ ਵਿਦਿਆਰਥੀਆਂ ਦੀ ਗਿਣਤੀ

ਭਾਰਤ ਦੀ ਊਰਜਾ ਦਰਾਮਦ ’ਚ ਸਹਾਇਤਾ ਕਰਨ ਲਈ ਅਮਰੀਕਾ ਤਿਆਰ
ਅਮਰੀਕਾ ਆਪਣੀ ਊਰਜਾ ਦਰਾਮਦ ’ਚ ਵੰਨ-ਸੁਵੰਨਤਾ ਲਿਆਉਣ ’ਚ ਭਾਰਤ ਦੀ ਸਹਾਇਤਾ ਕਰਨ ਲਈ ਤਿਆਰ ਹੈ।ਅਮਰੀਕਾ ਨੇ ਇਹ ਕਹਿੰਦੇ ਹੋਏ ਆਪਣੀ ਇੱਛਾ ਦੋਹਰਾਈ ਕਿ ਯੂਕ੍ਰੇਨ ’ਤੇ ਹਮਲਾ ਕਰਨ ’ਤੇ ਰੂਸ ’ਤੇ ਲੱਗੀਆਂ ਅਮਰੀਕੀ ਪਾਬੰਦੀਆਂ ਵਿਚਾਲੇ ਨਵੀਂ ਦਿੱਲੀ ਹੁਣ ਮਾਸਕੋ ਤੋਂ ਤੇਲ ਨਾ ਖ਼ਰੀਦੇ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਭਾਰਤ ਨੂੰ ਰੂਸ ਤੋਂ ਊਰਜਾ ਅਤੇ ਹੋਰ ਸਾਮਾਨ ਦੀ ਦਰਾਮਦ ਵਧਾਉਣੀ ਜਾਂ ਤੇਜ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਇਹ ਵੀ ਸਪੱਸ਼ਟ ਕਰ ਰਿਹਾ ਹੈ ਕਿ ਅਸੀਂ ਭਾਰਤ ਦੀ ਉਸ ਦੀ ਦਰਾਮਦ ’ਚ ਵੰਨ-ਸੁਵੰਨਤਾ ਲਿਆਉਣ ਦੀ ਕਿਸੇ ਵੀ ਕੋਸ਼ਿਸ਼ ’ਚ ਮਦਦ ਅਤੇ ਇਕ ਭਰੋਸੇਯੋਗ ਸਪਲਾਇਰ ਦੇ ਰੂਪ ’ਚ ਸੇਵਾ ਕਰਨ ਲਈ ਤਿਆਰ ਹਾਂ, ਕਿਉਂਕਿ ਉਹ ਰੂਸ ਤੋਂ ਸਿਰਫ ਇਕ ਜਾਂ ਦੋ ਫ਼ੀਸਦੀ ਤੇਲ ਹੀ ਦਰਾਮਦ ਕਰ ਰਿਹਾ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry