ਮਹਾਰਾਸ਼ਟਰ ''ਚ ਪਾਣੀ ਨੂੰ ਤਰਸੇ ਲੋਕ, ਸਰਕਾਰ ਵੀ ਨਹੀਂ ਲੈਂਦੀ ਸਾਰ

06/09/2019 11:43:06 AM

ਅਮਰਾਵਤੀ— ਦੇਸ਼ 'ਚ ਇਸ ਸਮੇਂ ਪੀਣ ਵਾਲੇ ਪਾਣੀ ਦਾ ਸੰਕਟ ਹੈ। ਕਈ ਸੂਬਿਆਂ ਅਜਿਹੇ ਹਨ, ਜਿੱਥੇ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਜਦੋ-ਜਹਿੱਦ ਕਰਨੀ ਪੈ ਰਹੀ ਹੈ। ਮਹਾਰਾਸ਼ਟਰ ਦੇ ਮੇਲਘਾਟ ਦੇ ਸੋਨਾਪੁਰ ਪਿੰਡ 'ਚ ਪਿੰਡ ਵਾਸੀ ਪਾਣੀ ਦੇ ਗੰਭੀਰ ਸੰਕਟ ਨਾਲ ਜੂਝ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਪੀਣ ਵਾਲੇ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ। ਸਾਨੂੰ ਪੀਣ ਵਾਲੇ ਪਾਣੀ ਲਈ ਜਦੋ-ਜਹਿੱਦ ਕਰਨੀ ਪੈ ਰਹੀ ਹੈ। ਪਾਣੀ ਲਈ ਲੋਕਾਂ ਨੂੰ ਹਰ ਰੋਜ਼ ਖੂਹ ਵਿਚ 40 ਫੁੱਟ ਹੇਠਾਂ ਉਤਰਨਾ ਪੈਂਦਾ ਹੈ। ਸਾਲ ਦਰ ਸਾਲ ਅਜਿਹੀ ਸਥਿਤੀ ਪੈਦਾ ਹੁੰਦੀ ਹੈ। ਸਰਕਾਰ ਸਾਡੀ ਮਦਦ ਲਈ ਕੁਝ ਨਹੀਂ ਕਰ ਰਹੀ।


ਸਰਕਾਰ ਦੀ ਢਿੱਲ-ਮੱਠ ਦੀ ਆਲੋਚਨਾ ਕਰਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਅਜਿਹੀ ਸਥਿਤੀ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ। ਨਾ ਤਾਂ ਸਰਕਾਰ ਅਤੇ ਨਾ ਹੀ ਕਿਸੇ ਹੋਰ ਨੇ ਇਸ ਦਿਸ਼ਾ 'ਚ ਕੋਈ ਕਦਮ ਚੁੱਕਿਆ। ਪਿੰਡ ਵਿਚ 3 ਖੂਹ ਹਨ। ਪੀਣ ਵਾਲਾ ਪਾਣੀ ਲੈਣ ਲਈ ਕੁਝ ਲੋਕ ਉੱਥੇ ਹੀ ਸੌਂਦੇ ਹਨ। ਸੋਨਾਪੁਰ ਪਿੰਡ ਵਿਚ ਸਿਹਤ ਕਰਮਚਾਰੀ ਨਿਸ਼ਾਂਤ ਸਰਪ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਪੀਣ ਤੋਂ ਪਹਿਲਾਂ ਪਾਣੀ ਨੂੰ ਗਰਮ ਕਰਨ ਲਈ ਕਿਹਾ ਗਿਆ ਹੈ। ਅਸੀਂ ਸੀਨੀਅਰ ਅਧਿਕਾਰੀਆਂ ਨੂੰ ਵੀ ਇਸ ਬਾਰੇ ਸੂਚਨਾ ਦੇ ਦਿੱਤੀ ਹੈ।


ਪਿੰਡ ਦੇ ਹੀ ਇਕ ਸ਼ਿਵਾਜੀ ਨਾਮੀ ਵਿਅਕਤੀ ਨੇ ਕਿਹਾ ਕਿ ਮੈਨੂੰ ਰੋਜ਼ਾਨਾ 40 ਫੁੱਟ ਹੇਠਾਂ ਉਤਰਨਾ ਪੈਂਦਾ ਹੈ। ਪਹਿਲਾਂ ਮੈਂ ਖਰਾਬ ਪਾਣੀ ਨੂੰ ਹਟਾਉਂਦਾ ਹਾਂ ਅਤੇ ਉਸ ਤੋਂ ਬਾਅਦ ਸਾਫ ਪਾਣੀ ਲਈ ਉਡੀਕ ਕਰਨੀ ਪੈਂਦੀ ਹੈ, ਇਸ ਵਿਚ ਕਾਫੀ ਸਮਾਂ ਲੱਗਦਾ ਹੈ। ਕਈ ਵਾਰ ਤਾਂ ਇਸ ਵਿਚ ਪੂਰਾ ਦਿਨ ਲੰਘ ਜਾਂਦਾ ਹੈ। ਸਿਰਫ ਕੁਝ ਲੋਕ ਹੀ ਪੀਣ ਵਾਲਾ ਪਾਣੀ ਲੈ ਜਾਂਦੇ ਹਨ। ਘਰਾਂ 'ਚ ਕੰਮ ਕਰਦੀਆਂ ਔਰਤਾਂ ਨੂੰ ਪਾਣੀ ਲਈ ਵੱਡੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਸਿਰਾਂ 'ਤੇ ਘੜੇ ਰੱਖ ਕੇ ਔਰਤਾਂ ਕਈ ਮੀਲ ਦੂਰ ਆਉਂਦੀਆਂ ਹਨ। ਇੱਥੇ ਲੋਕ ਹੀ ਨਹੀਂ, ਪਸ਼ੂ ਵੀ ਪਾਣੀ ਤੋਂ ਬੇਹਾਲ ਹਨ।

Tanu

This news is Content Editor Tanu