ਅਮਿਤਾਭ ਬੱਚਨ ਦੀ ਦਰਿਆਦਿਲੀ, 1000 ਤੋਂ ਵਧ ਕਿਸਾਨਾਂ ਦੇ ਕਰਜ਼ੇ ਲਾਹੇ

11/21/2018 10:16:37 AM

ਮੁੰਬਈ— ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਵੱਡਾ ਦਿਲ ਕਰਦਿਆਂ ਉੱਤਰ ਪ੍ਰਦੇਸ਼ (ਯੂ. ਪੀ.) ਦੇ 1,398 ਕਿਸਾਨਾਂ ਦੇ ਬੈਂਕ ਕਰਜ਼ੇ ਤਾਰ ਦਿੱਤੇ ਹਨ। ਅਮਿਤਾਭ ਬੱਚਨ ਨੇ ਯੂ. ਪੀ. ਦੇ ਵੱਖ-ਵੱਖ ਇਲਾਕਿਆਂ ਦੇ ਇਨ੍ਹਾਂ ਕਿਸਾਨਾਂ ਦੇ ਸਿਰ 'ਤੇ ਚੜ੍ਹੇ 4.05 ਕਰੋੜ ਰੁਪਏ ਦਾ ਕਰਜ਼ਾ ਚੁਕਾ ਦਿੱਤਾ ਹੈ। ਵਨ ਟਾਈਮ ਸੈਟਲਮੈਂਟ ਨੀਤੀ ਤਹਿਤ ਬੈਂਕ ਆਫ ਇੰਡੀਆ ਤੋਂ ਇਨ੍ਹਾਂ ਕਿਸਾਨਾਂ ਦਾ ਕਰਜ਼ਾ ਚੁਕਾਇਆ ਗਿਆ ਹੈ।

ਉਨ੍ਹਾਂ ਨੇ ਆਪਣੇ ਬਲਾਗ 'ਚ ਇਸ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ ਕਿਸਾਨਾਂ ਦੇ ਵਨ ਟਾਈਮ ਸੈਟਲਮੈਂਟ (ਓ. ਟੀ. ਸੀ.) ਸਰਟੀਫਿਕੇਟ ਮਿਲ ਗਏ ਹਨ। ਸਾਰੇ ਕਿਸਾਨਾਂ ਨੂੰ ਮੁੰਬਈ ਬੁਲਾਉਣਾ ਸੰਭਵ ਨਹੀਂ ਹੈ। ਇਸ ਲਈ ਇਨ੍ਹਾਂ 'ਚੋਂ 70 ਕਿਸਾਨਾਂ ਨੂੰ ਮੁੰਬਈ ਬੁਲਾ ਕੇ ਸਰਟੀਫਿਕੇਟ ਦਿੱਤੇ ਜਾਣਗੇ। 
ਬਿਗ ਬੀ ਇਨ੍ਹਾਂ ਕਿਸਾਨਾਂ ਨੂੰ ਆਪਣੇ ਹੱਥੋਂ ਕਰਜ਼ਾ ਮੋੜਨ ਸੰਬੰਧੀ ਸਰਟੀਫਿਕੇਟ ਸੌਂਪਣਗੇ। ਖਾਸ ਗੱਲ ਇਹ ਹੈ ਕਿ ਇਨ੍ਹਾਂ ਕਿਸਾਨਾਂ ਦੇ ਮੁੰਬਈ ਆਉਣ-ਜਾਣ ਦਾ ਪ੍ਰਬੰਧ ਵੀ ਬਿਗ ਬੀ ਵੱਲੋਂ ਹੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਮਹਾਰਾਸ਼ਟਰ ਦੇ 350 ਕਿਸਾਨਾਂ ਦੇ ਕਰਜ਼ੇ ਭਰੇ ਗਏ ਸਨ। ਉੱਥੇ ਹੀ ਕੁਝ ਦਿਨ ਪਹਿਲਾਂ ਅਮਿਤਾਭ ਨੇ ਇਕ ਸਰਕਾਰੀ ਏਜੰਸੀ ਵੱਲੋਂ ਦੇਸ਼ ਦੀ ਸੁਰੱਖਿਆ 'ਚ ਸ਼ਹੀਦ ਹੋਏ ਜਵਾਨਾਂ ਦੇ 44 ਪਰਿਵਾਰਾਂ ਨੂੰ ਮਦਦ ਦੇ ਤੌਰ 'ਤੇ ਧਨ ਰਾਸ਼ੀ ਦਿੱਤੀ ਸੀ।