ਗਾਂਧੀਨਗਰ ਤੋਂ ਅਮਿਤ ਸ਼ਾਹ ਨੂੰ ਮਿਲੀ ਟਿਕਟ, ਭਾਜਪਾ ਦੀ ਪਹਿਲੀ ਲਿਸਟ ਵਿਚੋਂ  6 ਸੰਸਦ ਮੈਂਬਰਾਂ ਦਾ ਪੱਤਾ ਸਾਫ

03/23/2019 3:35:36 AM

ਲਖਨਊ, (ਇੰਟ.)– ਲੋਕ ਸਭਾ ਚੋਣਾਂ ਲਈ  ਭਾਰਤੀ ਜਨਤਾ ਪਾਰਟੀ ਭਾਜਪਾ ਦੀ ਪਹਿਲੀ ਸੂਚੀ ਵਿਚ ਉੱਤਰ ਪ੍ਰਦੇਸ਼ ਦੇ 6 ਮੌਜੂਦਾ ਸੰਸਦ ਮੈਂਬਰਾਂ ਦਾ ਪੱਤਾ ਸਾਫ ਕਰ ਦਿੱਤਾ ਗਿਆ ਹੈ। ਭਾਜਪਾ ਹਾਈ ਕਮਾਨ ਨੇ ਵੀਰਵਾਰ ਨੂੰ  ਦੇਸ਼ ਭਰ ਵਿਚ 184 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਉੱਤਰ ਪ੍ਰਦੇਸ਼ ਵਿਚ 28 ਉਮੀਦਵਾਰ ਸ਼ਾਮਲ ਹਨ।
ਪਾਰਟੀ ਨੇ ਸਾਲ  2014 ਦੀਆਂ ਲੋਕ ਸਭਾ ਚੋਣਾਂ ਵਿਚ ਚੁਣੇ ਗਏ 22 ਸੰਸਦ ਮੈਂਬਰਾਂ 'ਤੇ ਫਿਰ ਤੋਂ ਭਰੋਸਾ ਜਤਾਇਆ ਹੈ। ਹਾਲਾਂਕਿ ਆਗਰਾ, ਫਤਿਹਪੁਰ ਸੀਕਰੀ, ਬਦਾਯੂੰ, ਸ਼ਾਹਜਹਾਂਪੁਰ, ਹਰਦੋਈ ਅਤੇ ਮਿਸ਼ਰਿਖ ਦੇ ਸੰਸਦ ਮੈਂਬਰਾਂ ਨੂੰ ਇਸ ਵਾਰ ਟਿਕਟ ਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਆਗਰਾ 'ਚ ਵਾਦ-ਵਿਵਾਦ ਵਾਲੇ ਬਿਆਨਾਂ ਲਈ  ਚਰਚਿਤ ਰਾਮ ਸ਼ੰਕਰ ਕਠੇਰੀਆ ਦੀ ਥਾਂ 'ਤੇ ਸੂਬੇ ਵਿਚ ਯੋਗੀ ਮੰਤਰੀ ਮੰਡਲ 'ਚ ਸ਼ਾਮਲ ਐੱਸ. ਪੀ. ਬਾਘੇਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸਮਾਜਵਾਦੀ ਪਾਰਟੀ (ਸਪਾ) ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਬਘੇਲ ਨੂੰ ਪਹਿਲਾਂ ਰਾਜ ਸਭਾ ਮੈਂਬਰ ਬਣਾਇਆ ਗਿਆ ਜਦਕਿ 2017 ਵਿਚ ਉਨ੍ਹਾਂ ਨੂੰ ਯੋਗੀ ਮੰਤਰੀ ਮੰਡਲ ਵਿਚ ਪਸ਼ੂ-ਪਾਲਣ ਵਿਭਾਗ ਨਾਲ ਨਿਵਾਜਿਆ ਗਿਆ। 
ਫਤਿਹਪੁਰ ਸੀਕਰੀ 'ਚ ਚੌਧਰੀ ਬਾਬੂ ਲਾਲ ਦੀ ਜਗ੍ਹਾ ਰਾਜ ਕੁਮਾਰ ਝੱਜਰ ਨੂੰ ਟਿਕਟ ਦਿੱਤੀ ਗਈ ਹੈ। ਬਦਾਯੂੰ ਦੇ ਮੌਜੂਦਾ ਭਾਜਪਾ ਸੰਸਦ ਮੈਂਬਰ ਧਰਮਿੰਦਰ ਯਾਦਵ ਦੀ ਥਾਂ 'ਤੇ ਸੰਘਮਿੱਤਰਾ ਮੌਰੀਆ 'ਤੇ ਪਾਰਟੀ ਨੇ ਵਿਸ਼ਵਾਸ  ਜਤਾਇਆ ਹੈ। ਇਕ ਜ਼ਮਾਨੇ 'ਚ ਬਹੁਜਨ ਸਮਾਜ ਪਾਰਟੀ ਬਸਪਾ ਦੇ ਖਾਸਮ-ਖਾਸ ਰਹੇ ਸਵਾਮੀ ਪ੍ਰਸਾਦ ਮੌਰੀਆ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਕੁਝ ਸਮੇਂ  ਬਾਅਦ ਉਨ੍ਹਾਂ ਦੀ ਧੀ ਸੰਘਮਿੱਤਰਾ ਨੇ ਵੀ ਬਸਪਾ ਤੋਂ  ਕਿਨਾਰਾ ਕਰ ਲਿਆ ਸੀ।  2014 ਦੀਆਂ ਲੋਕਸਭਾ ਚੋਣਾਂ ਵਿਚ ਸੰਘ ਮਿੱਤਰਾ ਨੇ ਮੈਨਪੁਰੀ ਤੋਂ  ਸਪਾ ਸੰਸਥਾਪਕ ਮੁਲਾਇਮ ਸਿੰਘ ਯਾਦਵ ਵਿਰੁੱਧ ਚੋਣ ਲੜੀ ਸੀ। 
ਸ਼ਾਹਜਹਾਪੁਰ ਤੋਂ  ਮੌਜੂਦਾ ਕੇਂਦਰੀ ਮੰਤਰੀ ਕ੍ਰਿਸ਼ਣਾ ਰਾਜ ਦੀ ਜਗ੍ਹਾ ਇਸ ਵਾਰ ਨਵੇਂ  ਚਿਹਰੇ ਅਰੁਣ ਸਾਗਰ ਨੂੰ ਪਾਰਟੀ ਨੇ ਜ਼ਿੰਮੇਵਾਰ ਉਮੀਦਵਾਰ ਬਣਾਇਆ ਹੈ। ਹਰਦੋਈ ਤੋਂ ਅੰਸ਼ੁਲ ਵਰਮਾ ਦੀ ਜਗ੍ਹਾ ਜੈ ਪ੍ਰਕਾਸ਼ ਰਾਵਤ ਅਤੇ ਮਿਸ਼ਰਿਖ ਸੀਟ ਤੋਂ ਅੰਜੂ ਬਾਲਾ ਦੀ ਥਾਂ 'ਤੇ ਅਸ਼ੋਕ ਰਾਵਤ ਨੂੰ ਉਮੀਦਵਾਰ ਬਣਾਇਆ ਗਿਆ ਹੈ। 
ਗੌਰਤਲਬ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਉੱਤਰ ਪ੍ਰਦੇਸ਼ ਦੀਆਂ 80 ਵਿਚੋਂ ਭਾਜਪਾ ਦੇ ਹਿੱਸੇ 'ਚ 71 ਸੀਟਾਂ ਗਈਆਂ ਸਨ। ਹਾਲਾਂਕਿ ਬਾਅਦ ਵਿਚ ਕੈਰਾਨਾ, ਫੂਲਪੁਰ ਅਤੇ ਗੋਰਖਪੁਰ ਵਿਚ ਹੋਈਆਂ ਉਪ ਚੋਣਾਂ ਵਿਚ ਪਾਰਟੀ 3 ਸੀਟਾਂ 'ਤੇ ਹਾਰ ਗਈ ਸੀ। ਮੌਜੂਦਾ ਲੋਕ ਸਭਾ ਵਿਚ ਕਾਂਗਰਸ ਅਤੇ ਅਪਨਾ ਦਲ ਦੇ 2-2, ਸਪਾ ਦੇ 7 ਅਤੇ  ਰਾਲੋਦ ਦਾ 1 ਸੰਸਦ ਮੈਂਬਰ ਸ਼ਾਮਲ ਹੈ। 
ਸੂਚੀ ਵਿਚ ਜਾਰੀ ਹੋਰਨਾਂ ਉਮੀਦਵਾਰਾਂ ਵਿਚ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਮੌਜੂਦਾ ਭਾਜਪਾ ਸੰਸਦ ਮੈਂਬਰ ਸਹਾਰਨਪੁਰ ਵਿਚ ਰਾਘਵ ਲਖਨਪਾਲ, ਮੁਜ਼ੱਫਰਨਗਰ ਤੋਂ ਸੰਜੀਵ ਕੁਮਾਰ ਬਾਲੀਆਨ, ਬਿਜਨੌਰ ਤੋਂ  ਕੁੰਵਰ ਭਾਰਤੇਂਦਰ ਸਿੰਘ, ਮੁਰਾਦਾਬਾਦ ਤੋਂ  ਕੁੰਵਰ ਸਰਵੇਸ਼ ਕੁਮਾਰ, ਸੰਭਲ ਤੋਂ ਪਰਮੇਸ਼ਵਰ ਲਾਲ ਸੈਣੀ, ਅਮਰੋਹਾ ਤੋਂ ਕੰਵਰ ਸਿੰਘ ਕੰਵਰ, ਮੇਰਠ ਤੋਂ ਰਾਜਿੰਦਰ ਅਗਰਵਾਲ, ਬਾਗਪਤ ਤੋਂ ਸਤਿਆਪਾਲ ਸਿੰਘ, ਗਾਜ਼ੀਆਬਾਦ ਤੋਂ ਰਿਟਾਇਰਡ ਜਨਰਲ ਵੀ. ਕੇ. ਸਿੰਘ, ਗੌਤਮ ਬੁੱਧ ਨਗਰ ਤੋਂ  ਡਾ. ਮਹੇਸ਼ ਸ਼ਰਮਾ, ਅਲੀਗੜ੍ਹ ਤੋਂ ਸਤੀਸ਼ ਕੁਮਾਰ ਗੌਤਮ, ਮਥੁਰਾ ਤੋਂ ਅਭਿਨੇਤਰੀ ਹੇਮਾ ਮਾਲਿਨੀ, ਏਟਾ ਤੋਂ ਰਾਜਵੀਰ ਸਿੰਘ ਰਾਜੂ ਭਈਆ, ਆਂਵਲਾ ਤੋਂ ਧਰਮਿੰਦਰ ਕੁਮਾਰ, ਬਰੇਲੀ ਤੋਂ  ਸੰਤੋਸ਼ ਕੁਮਾਰ ਗੰਗਵਾਰ, ਖੀਰੀ ਤੋਂ ਅਜੇ ਕੁਮਾਰ ਮਿਸ਼ਰਾ, ਸੀਤਾਪੁਰ ਤੋਂ ਰਾਜੇਸ਼ ਵਰਮਾ, ਉਨਾਵ ਤੋਂ  ਸਵਾਮੀ ਸਾਕਸ਼ੀ ਮਹਾਰਾਜ, ਮੋਹਨ ਲਾਲ ਜੰਗ ਤੋਂ ਕੌਸ਼ਲ ਕਿਸ਼ੋਰ, ਲਖਨਊ ਤੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਅਮੇਠੀ ਤੋਂ ਸਮ੍ਰਿਤੀ ਈਰਾਨੀ ਸ਼ਾਮਲ ਹਨ। 
ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਿਚ 8 ਸੀਟਾਂ ਸਹਾਰਨਪੁਰ, ਸ਼ਾਮਲੀ, ਮੁਜ਼ੱਫਰਨਗਰ, ਮੇਰਠ, ਬਿਜਨੌਰ, ਬਾਗਪਤ, ਗਾਜ਼ੀਆਬਾਦ, ਹਾਪੁੜ, ਗੌਤਮ ਬੁੱਧ ਨਗਰ ਅਤੇ ਬੁਲੰਦ ਸ਼ਹਿਰ ਸੀਟਾਂ 'ਤੇ ਚੋਣ ਹੋਵੇਗੀ। ਇਨ੍ਹਾਂ ਵਿਚ ਅਜੇ ਹਾਪੁੜ ਅਤੇ ਬੁਲੰਦ  ਸ਼ਹਿਰ ਵਿਚ ਉਮੀਦਵਾਰਾਂ ਦਾ ਐਲਾਨ ਫਿਲਹਾਲ ਨਹੀਂ ਕੀਤਾ ਗਿਆ ਹੈ। 
ਲਿਸਟ 'ਚ ਰਾਜਸਥਾਨ ਦੇ 14 ਮੌਜੂਦਾ ਸੰਸਦ ਮੈਂਬਰਾਂ ਦੇ ਨਾਂ ਸ਼ਾਮਲ
ਇਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਰਾਜਸਥਾਨ ਵਿਚ ਆਪਣੇ 14 ਮੌਜੂਦਾ ਸੰਸਦ ਮੈਂਬਰਾਂ ਨੂੰ ਅਗਾਮੀ ਲੋਕ ਸਭਾ ਚੋਣਾਂ ਵਿਚ ਇਕ ਵਾਰ ਫਿਰ ਉਤਾਰਨ ਦਾ ਫੈਸਲਾ ਕੀਤਾ ਹੈ, ਜਿਨ੍ਹਾਂ 'ਚ 4 ਕੇਂਦਰੀ ਮੰਤਰੀ ਸ਼ਾਮਲ ਹਨ। 
ਸੂਬੇ ਲਈ ਪਾਰਟੀ ਦੀ ਸੂਚੀ ਵਿਚ ਨਵਾਂ ਨਾਂ ਨਰਿੰਦਰ ਖੀਚੜ ਦਾ ਹੈ, ਜਿਸ ਨੂੰ ਪਾਰਟੀ ਨੇ ਝੁਨਝੁਨੂ ਸੀਟ ਤੋਂ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਮੌਜੂਦਾ ਸੰਸਦ ਮੈਂਬਰ ਸੰਤੋਸ਼ ਅਹਿਲਾਵਤ ਨੂੰ ਇਸ ਵਾਰ ਇਸ ਸੀਟ 'ਤੇ ਮੌਕਾ ਨਹੀਂ  ਦਿੱਤਾ ਹੈ। ਖੀਚੜ  ਫਿਲਹਾਲ ਮਾਂਡਵਾ ਤੋਂ ਵਿਧਾਇਕ ਹਨ। ਭਾਜਪਾ ਨੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ (ਬੀਕਾਨੇਰ), ਰਾਜਵਰਧਨ ਸਿੰਘ ਰਾਠੌਰ (ਜੈਪੁਰ ਗ੍ਰਾਮੀਣ), ਪੀ. ਪੀ. ਚੌਧਰੀ (ਪਾਲੀ) ਅਤੇ ਗਜੇਂਦਰ ਸਿੰਘ ਸੇਖਾਵਤ (ਜੋਧਪੁਰ) ਦਾ ਨਾਂ ਵੀ ਆਪਣੀ ਪਹਿਲੀ ਸੂਚੀ ਵਿਚ ਸ਼ਾਮਲ ਕੀਤਾ ਹੈ। ਪਾਰਟੀ ਨੇ ਸੀਕਰ ਤੋਂ ਸੁਮੇਧਾਨੰਦ ਸਰਸਵਤੀ, ਜੈਪੁਰ ਤੋਂ ਰਾਮ ਚਰਨ ਬੋਹਰਾ, ਟੋਂਕ ਸਵਾਈ ਮਾਧੋਪੁਰ ਤੋਂ ਸੁਖਬੀਰ ਸਿੰਘ ਜੋਨਪੁਰੀਆ, ਜਾਲੋਰ ਤੋਂ ਦੇਵਜੀ ਪਾਟਿਲ, ਉਦੇਪੁਰ ਤੋਂ ਅਰਜੁਨ ਮੀਆ, ਚਿਤੌੜਗੜ੍ਹ ਤੋਂ ਚੰਦਰਪ੍ਰਕਾਸ਼ ਜੋਸ਼ੀ, ਭੀਲਵਾੜਾ ਤੋਂ ਸੁਭਾਸ਼ ਬਹੇਰੀਆ, ਕੋਟਾ ਤੋਂ ਓਮ ਬਿਡਲਾ ਅਤੇ ਝਾਲਵਾੜ ਬਾਰਾਂ ਤੋਂ ਦੁਸ਼ਯੰਤ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਇਹ ਸਾਰੇ ਮੌਜੂਦਾ ਸੰਸਦ ਮੈਂਬਰ ਹਨ।

Bharat Thapa

This news is Content Editor Bharat Thapa