ਜਨਮ ਦਿਨ ਵਿਸ਼ੇਸ਼ : ਕਰੀਅਰ 'ਚ ਇਕ ਵੀ ਚੋਣ ਨਹੀਂ ਹਾਰੇ ਅਮਿਤ ਸ਼ਾਹ, ਵਰਕਰ ਤੋਂ ਗ੍ਰਹਿ ਮੰਤਰੀ ਤੱਕ ਅਜਿਹਾ ਰਿਹਾ ਸਫ਼ਰ

10/22/2020 10:36:20 AM

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅੱਜ ਯਾਨੀ ਵੀਰਵਾਰ ਨੂੰ 56 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 22 ਅਕਤੂਬਰ 1964 ਨੂੰ ਮੁੰਬਈ 'ਚ ਹੋਇਆ ਸੀ। ਅਮਿਤ ਸ਼ਾਹ ਨੇ ਅਹਿਮਦਾਬਾਦ ਤੋਂ ਆਪਣੀ ਸ਼ੁਰੂਆਤੀ ਪੜ੍ਹਾਈ ਕਰਨ ਤੋਂ ਬਾਅਦ ਗੁਜਰਾਤ ਯੂਨੀਵਰਸਿਟੀ ਤੋਂ ਬਾਇਓਕੈਮਿਸਟਰੀ (ਬੀ.ਐੱਸਸੀ.) 'ਚ ਗਰੈਜੂਏਸ਼ਨ ਕੀਤੀ।

1983 'ਚ ਏ.ਬੀ.ਵੀ.ਪੀ. ਨਾਲ ਜੁੜੇ
ਕਾਲਜ ਦੇ ਦਿਨਾਂ 'ਚ ਹੀ ਸਾਲ 1983 'ਚ ਅਮਿਤ ਸ਼ਾਹ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਨਾਲ ਜੁੜ ਗਏ ਅਤੇ ਇੱਥੋਂ ਉਨ੍ਹਾਂ ਦੇ ਵਿਦਿਆਰਥੀ ਜੀਵਨ ਦੇ ਸਿਆਸੀ ਕਰੀਅਰ ਦੀ ਸ਼ੁਰੂਆਤ ਹੋਈ। ਅਮਿਤ ਸ਼ਾਹ ਬਹੁਤ ਘੱਟ ਉਮਰ 'ਚ ਰਾਸ਼ਟਰੀ ਸੋਇਮ ਸੇਵਕ ਸੰਘ ਨਾਲ ਵੀ ਜੁੜ ਗਏ ਸਨ।

1986 'ਚ ਭਾਜਪਾ 'ਚ ਹੋਏ ਸ਼ਾਮਲ
ਇਸ ਤੋਂ ਬਾਅਦ ਅਮਿਤ ਸ਼ਾਹ ਸਾਲ 1986 'ਚ ਭਾਜਪਾ 'ਚ ਸ਼ਾਮਲ ਹੋਏ, ਹਾਲਾਂਕਿ ਉਹ ਚਰਚਾ 'ਚ ਸਾਲ 1991 'ਚ ਆਏ, ਜਦੋਂ ਉਨ੍ਹਾਂ ਨੇ ਲਾਲ ਕ੍ਰਿਸ਼ਨ ਅਡਵਾਨੀ ਲਈ ਗਾਂਧੀਨਗਰ ਸੰਸਦੀ ਸੀਟ 'ਤੇ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਸੰਭਾਲੀ। ਇਸ ਤੋਂ ਬਾਅਦ ਸਾਲ 1996 'ਚ ਉਨ੍ਹਾਂ ਨੇ ਗਾਂਧੀਨਗਰ ਸੀਟ 'ਤੇ ਅਟਲ ਬਿਹਾਰੀ ਵਾਜਪੇਈ ਲਈ ਵੀ ਚੋਣ ਪ੍ਰਚਾਰ ਕੀਤਾ।

ਸਿਆਸੀ ਕਰੀਅਰ 'ਚ ਕਦੇ ਚੋਣ ਨਹੀਂ ਹਾਰੇ ਸ਼ਾਹ
ਅਮਿਤ ਸ਼ਾਹ ਨੇ ਪਹਿਲੀ ਵਾਰ ਸਾਲ 1997 'ਚ ਗੁਜਰਾਤ ਦੀ ਸਰਖੇਜ ਵਿਧਾਨ ਸਭਾ ਸੀਟ 'ਤੇ ਹੋਈ ਜ਼ਿਮਨੀ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਉਹ ਲਗਾਤਾਰ 4 ਵਾਰ ਜਿੱਤ ਦਰਜ ਕਰ ਕੇ ਵਿਧਾਨ ਸਭਾ ਪਹੁੰਚੇ। ਅਮਿਤ ਸ਼ਾਹ ਆਪਣੇ ਸਿਆਸੀ ਕਰੀਅਰ 'ਚ ਕਦੇ ਚੋਣ ਨਹੀਂ ਹਾਰੇ ਹਨ। 1997 'ਚ ਜ਼ਿਮਨੀ ਚੋਣ 'ਚ ਜਿੱਤ ਤੋਂ ਬਾਅਦ ਅਮਿਤ ਸ਼ਾਹ ਨੇ ਸਰਖੇਜ ਸੀਟ ਤੋਂ 1998, 2002 ਅਤੇ 2007 'ਚ ਜਿੱਤ ਦਰਜ ਕੀਤੀ। 2012 ਦੀਆਂ ਚੋਣਾਂ 'ਚ ਅਮਿਤ ਸ਼ਾਹ ਨੇ ਆਪਣੀ ਸੀਟ ਬਦਲ ਲਈ ਅਤੇ ਨਾਰਨੁਪੁਰਾ ਵਿਧਾਨ ਸਭਾ ਸੀਟ ਤੋਂ ਜਿੱਤ ਕੇ ਵਿਧਾਨ ਸਭਾ ਪਹੁੰਚੇ। ਇਸ ਤੋਂ ਬਾਅਦ ਸ਼ਾਹ ਨੇ ਸਾਲ 2019 'ਚ ਹੋਈਆਂ ਆਮ ਚੋਣਾਂ 'ਚ ਵੀ ਜਿੱਤ ਹਾਸਲ ਕੀਤੀ।

2014 'ਚ ਸ਼ਾਹ ਨੂੰ ਬਣਾਇਆ ਗਿਆ ਪਾਰਟੀ ਪ੍ਰਧਾਨ
12 ਜੂਨ 2013 ਨੂੰ ਸ਼ਾਹ ਨੂੰ ਭਾਜਪਾ ਦਾ ਉੱਤਰ ਪ੍ਰਦੇਸ਼ ਦਾ ਇੰਚਾਰਜ ਬਣਾਇਆ ਗਿਆ ਅਤੇ ਉਨ੍ਹਾਂ ਨੇ ਪਾਰਟੀ ਨੂੰ 71 ਸੀਟਾਂ 'ਤੇ ਜਿੱਤ ਦਿਵਾਈ। ਇਸ ਤੋਂ ਪਹਿਲਾ ਦੀ ਚੋਣ 'ਚ ਭਾਜਪਾ ਨੇ ਉੱਤਰ ਪ੍ਰਦੇਸ਼ ਦੀ 80 'ਚੋਂ ਸਿਰਫ਼ 10 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਇਸ ਜਿੱਤ ਤੋਂ ਬਾਅਦ ਭਾਜਪਾ 'ਚ ਅਮਿਤ ਸ਼ਾਹ ਦਾ ਕੱਦ ਵਧ ਗਿਆ ਅਤੇ ਉਨ੍ਹਾਂ ਨੂੰ ਜੁਲਾਈ 2014 'ਚ ਪਾਰਟੀ ਪ੍ਰਧਾਨ ਬਣਾਇਆ ਗਿਆ।ਸਾਲ 2019 ਦੀ ਚੋਣ 'ਚ ਸ਼ਾਹ ਨੇ ਭਾਜਪਾ ਪ੍ਰਧਾਨ ਰਹਿੰਦੇ ਹੋਏ ਪਾਰਟੀ ਨੂੰ ਇਕ ਵਾਰ ਬਹੁਮਤ ਦੇ ਅੰਕੜੇ ਤੱਕ ਪਹੁੰਚਾਇਆ। ਭਾਜਪਾ ਨੂੰ ਸਭ ਤੋਂ ਵੱਡੀ ਸਫ਼ਲਤਾ ਯੂ.ਪੀ. ਅਤੇ ਬੰਗਾਲ 'ਚ ਮਿਲੀ। ਯੂ.ਪੀ. 'ਚ ਸਪਾ, ਬਸਪਾ ਅਤੇ ਰਾਲੋਦ ਦੇ ਮਹਾਗਠਜੋੜ ਦੇ ਬਾਵਜੂਦ ਭਾਜਪਾ ਨੇ 64 ਸੀਟਾਂ ਹਾਸਲ ਕੀਤੀਆਂ, ਜਦੋਂ ਕਿ ਬੰਗਾਲ 'ਚ ਪਾਰਟੀ 18 ਸੀਟਾਂ ਜਿੱਤਣ 'ਚ ਕਾਮਯਾਬ ਰਹੀ।

2019 'ਚ ਮਿਲੀ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ
2019 ਦੀਆਂ ਲੋਕ ਸਭਾ ਚੋਣਾਂ 'ਚ ਅਮਿਤ ਸ਼ਾਹ ਨੇ ਗਾਂਧੀ ਨਗਰ ਸੀਟ ਤੋਂ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਪੀ.ਐੱਮ. ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਆਪਣੇ ਦੂਜੇ ਕਾਰਜਕਾਲ 'ਚ ਸਰਕਾਰ ਦਾ ਹਿੱਸਾ ਬਣਾਇਆ ਅਤੇ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ।

DIsha

This news is Content Editor DIsha