ਅਮਿਤ ਸ਼ਾਹ ਦੀ ਅਗਵਾਈ ''ਚ ਖਤਮ ਹੋਇਆ 50 ਸਾਲਾਂ ਤੋਂ ਚੱਲ ਰਿਹਾ ਬੋਡੋਲੈਂਡ ਵਿਵਾਦ

01/27/2020 6:11:52 PM

ਗੁਹਾਟੀ— ਪੂਰਬ-ਉੱਤਰ ਦੇ ਸੂਬਿਆਂ 'ਚੋਂ ਅੱਤਵਾਦ ਨੂੰ ਖਤਮ ਕਰਨ ਦਾ ਵਾਅਦਾ ਕਰ ਕੇ ਸੱਤਾ 'ਚ ਆਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਇਸ ਦਿਸ਼ਾ 'ਚ ਸੋਮਵਾਰ ਇਕ ਵੱਡੀ ਸਫਲਤਾ ਹਾਸਲ ਹੋਈ। ਕੇਂਦਰੀ ਗ੍ਰਹਿ ਮੰਤਰੀ ਅਮਿਹ ਸ਼ਾਹ ਦੀ ਮੌਜੂਦਗੀ 'ਚ ਕੇਂਦਰ ਸਰਕਾਰ, ਆਸਾਮ ਸਰਕਾਰ ਅਤੇ ਬੋਡੋ ਅੱਤਵਾਦੀਆਂ ਦੇ ਪ੍ਰਤੀਨਿਧੀਆਂ ਨੇ 'ਆਸਾਮ ਸਮਝੌਤਾ 2020' 'ਤੇ ਦਸਤਖ਼ਤ ਕਰ ਦਿੱਤੇ। 
 

50 ਸਾਲਾਂ ਤੋਂ ਚੱਲ ਰਿਹਾ ਬੋਡੋਲੈਂਡ ਵਿਵਾਦ ਖਤਮ
ਇਸ ਸਮਝੌਤੇ ਦੇ ਨਾਲ ਹੀ ਕਰੀਬ 50 ਸਾਲਾਂ ਤੋਂ ਚੱਲ ਰਿਹਾ ਬੋਡੋਲੈਂਡ ਵਿਵਾਦ ਖਤਮ ਹੋ ਗਿਆ। ਇਸ ਕਾਰਨ ਹੁਣ ਤੱਕ 2823 ਲੋਕ ਆਪਣੀ ਜਾਨ ਗੁਆ ਚੁੱਕੇ ਸਨ। ਪਿਛਲੇ 27 ਸਾਲਾਂ ਦੌਰਾਨ ਇਹ ਤੀਜਾ ਆਸਾਮ ਸਮਝੌਤਾ ਹੈ। ਸੂਤਰਾਂ ਅਨੁਸਾਰ ਇਸ ਵਿਵਾਦ ਦੇ ਜਲਦ ਹੱਲ ਲਈ ਮੋਦੀ ਸਰਕਾਰ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੀ ਸੀ ਅਤੇ ਅਮਿਤ ਸ਼ਾਹ ਦੇ ਗ੍ਰਹਿ ਮੰਤਰੀ ਬਣਨ ਦੇ ਬਾਅਦ ਇਸ 'ਚ ਕਾਫ਼ੀ ਤੇਜ਼ੀ ਆਈ।
 

ਸਮਝੌਤੇ ਪਿੱਛੋਂ ਕੋਈ ਵੱਖਰਾ ਸੂਬਾ ਨਹੀਂ ਬਣਾਇਆ ਜਾਵੇਗਾ
ਅਮਿਤ ਸ਼ਾਹ ਨੇ ਇਸ ਮੌਕੇ 'ਤੇ ਐਲਾਨ ਕੀਤਾ ਕਿ ਅੱਤਵਾਦੀ ਗਰੁੱਪ ਨੈਸ਼ਨਲ ਡੈਮੋਕ੍ਰੈਟਿਕ ਫਰੰਟ ਆਫ ਬੋਡੋਲੈਂਡ ਦੇ 1550 ਕੈਡਰ 30 ਜਨਵਰੀ ਨੂੰ ਆਪਣੇ 130 ਹਥਿਆਰਾਂ ਸਮੇਤ ਆਤਮ ਸਮਰਪਣ ਕਰ ਦੇਣਗੇ। ਸ਼ਾਹ ਨੇ ਕਿਹਾ ਕਿ ਇਸ ਸਮਝੌਤੇ ਪਿੱਛੋਂ ਹੁਣ ਆਸਾਮ ਅਤੇ ਬੋਡੋ ਦੇ ਲੋਕਾਂ ਦਾ ਸੁਨਹਿਰੀ ਭਵਿੱਖ ਯਕੀਨੀ ਹੋਵੇਗਾ। ਕੇਂਦਰ ਸਰਕਾਰ ਬੋਡੋ ਦੇ ਲੋਕਾਂ ਨਾਲ ਕੀਤੇ ਗਏ ਸਭ ਵਾਅਦੇ ਸਮੇਂਬੱਧ ਤਰੀਕੇ ਨਾਲ ਪੂਰੇ ਕਰੇਗੀ। ਇਸ ਸਮਝੌਤੇ ਪਿੱਛੋਂ ਹੁਣ ਕੋਈ ਵੀ ਵੱਖਰਾ ਸੂਬਾ ਨਹੀਂ ਬਣਾਇਆ ਜਾਏਗਾ।


ਪੀ.ਐੱਮ. ਮੋਦੀ ਨੇ ਕੀਤਾ ਟਵੀਟ
ਪੀ.ਐੱਮ. ਨਰਿੰਦਰ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਬੋਡੋ ਸਮਝੌਤੇ ਤੋਂ ਬਾਅਦ ਹੁਣ ਸ਼ਾਂਤੀ, ਸਦਭਾਵਨਾ ਅਤੇ ਇਕਜੁਟਤਾ ਦਾ ਨਵਾਂ ਸਵੇਰਾ ਆਏਗਾ। ਇਸ ਸਮਝੌਤਾ ਬੋਡੋ ਲੋਕਾਂ ਦੀ ਅਨੋਖੀ ਸੰਸਕ੍ਰਿਤੀ ਦੀ ਰੱਖਿਆ ਕਰੇਗਾ ਅਤੇ ਉਸ ਨੂੰ ਲੋਕਪ੍ਰਿਯ ਬਣਾਏਗਾ ਅਤੇ ਉਨ੍ਹਾਂ ਨੂੰ ਵਿਕਾਸਮੁਖੀ ਪਹਿਲ ਤੱਕ ਪਹੁੰਚ ਮਿਲੇਗੀ।
 

ਸਮਝੌਤੇ ਪਿੱਛੋਂ ਵਿਰੋਧ ਵਿਖਾਵੇ
ਵੱਖ-ਵੱਖ ਬੋਡੋ ਪੱਖਕਾਰਾਂ ਨਾਲ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਕਰਨ ਦੇ ਕੇਂਦਰ ਦੇ ਕਦਮ ਵਿਰੁੱਧ ਗੈਰ ਬੋਡੋ ਸੰਗਠਨਾਂ ਵੱਲੋਂ ਸੋਮਵਾਰ 12 ਘੰਟਿਆਂ ਲਈ ਆਸਾਮ ਬੰਦ ਦਾ ਸੱਦਾ ਦਿੱਤਾ ਗਿਆ। ਇਸ ਦੌਰਾਨ ਬੋਡੋਲੈਂਡ ਖੇਤਰੀ ਕੌਂਸਲ ਅਧੀਨ ਆਉਣ ਵਾਲੇ 4 ਜ਼ਿਲਿਆਂ ਕੋਕਰਾਝਾਰ, ਬਕਸਾ, ਚਿਰਾਂਗ ਅਤੇ ਉਦਲਗੁੜੀ 'ਚ ਆਮ ਜ਼ਿੰਦਗੀ ਪ੍ਰਭਾਵਿਤ ਹੋਈ। ਸੂਬੇ ਦੇ ਬਾਕੀ ਹਿੱਸਿਆਂ 'ਚ ਬੰਦ ਦਾ ਕੋਈ ਖਾਸ ਅਸਰ ਨਹੀਂ ਵੇਖਿਆ ਗਿਆ। ਕੋਕਰਾਝਾਰ ਜ਼ਿਲੇ 'ਚ ਕਈ ਥਾਵਾਂ 'ਤੇ ਟਾਇਰ ਸਾੜ ਕੇ ਆਵਾਜਾਈ ਰੋਕੀ ਗਈ। ਸਕੂਲ, ਕਾਲਜ ਬੰਦ ਰਹੇ ਪਰ ਕਾਲਜਾਂ 'ਚ ਪ੍ਰੀਖਿਆਵਾਂ ਹੋਈਆਂ।

DIsha

This news is Content Editor DIsha