ਅਜੀਬ ਬੀਮਾਰੀ ਤੋਂ ਪੀੜਤ ਬੱਚੇ ਦੀ ਜਾਗੀ ਕਿਸਮਤ, ਲੱਕੀ ਡਰਾਅ 'ਚ ਜਿੱਤਿਆ 16 ਕਰੋੜ ਦਾ ਟੀਕਾ

08/03/2021 12:47:26 PM

ਨਾਸਿਕ- ਮਹਾਰਾਸ਼ਟਰ ਦੇ ਨਾਸਿਕ ਦੇ ਰਹਿਣ ਵਾਲੇ ਸ਼ਿਵਰਾਜ ਡਾਵਰੇ ਦਾ ਦੂਜਾ ਜਨਮਦਿਨ ਉਸ ਦੇ ਮਾਤਾ-ਪਿਤਾ ਲਈ ਬਹੁਤ ਖ਼ਾਸ ਹੋਵੇਗਾ, ਕਿਉਂਕਿ ਅਜੀਬ ਬੀਮਾਰੀ ਨਾਲ ਪੀੜਤ ਉਨ੍ਹਾਂ ਦਾ ਬੱਚਾ ਭਾਰਤ ਦਾ ਪਹਿਲਾ ਅਜਿਹਾ ਮਰੀਜ਼ ਹੈ, ਜਿਸ ਨੂੰ ਲੱਕੀ ਡਰਾਅ ਜਿੱਤਣ ਤੋਂ ਬਾਅਦ ਇਕ ਅਮਰੀਕੀ ਕੰਪਨੀ ਨੇ 16 ਕਰੋੜ ਰੁਪਏ ਦਾ ਜੀਵਨ ਰੱਖਿਅਕ ਟੀਕਾ ਮੁਫ਼ਤ ਦਿੱਤਾ ਹੈ। ਡਾਕਟਰਾਂ ਨੇ ਦੱਸਿਆ ਕਿ ਸ਼ਿਵਰਾਜ ਇਕ ਅਜੀਬ ਬੀਮਾਰੀ 'ਸਪਾਈਨਲ ਮਸਕੁਲਰ ਐਟ੍ਰੋਫੀ (ਐੱਸਐੱਮਏ) ਨਾਲ ਪੀੜਤ ਹੈ। ਇਕ ਅਮਰੀਕੀ ਕੰਪਨੀ ਵਲੋਂ ਬਣੇ ਟੀਕੇ (ਜੋਲਗੇਨਸਮਾ-ਜੀਨ ਬਦਲਣ ਦਾ ਤਰੀਕਾ) ਅਜਿਹੇ ਮਰੀਜ਼ਾਂ ਲਈ ਸਭ ਤੋਂ ਪ੍ਰਭਾਵੀ ਦਵਾਈ ਹੈ। ਮੱਧਮ ਉਮਰ ਵਰਗ ਨਾਲ ਸੰਬੰਧ ਰੱਖਣ ਵਾਲੇ ਸ਼ਿਵਰਾਜ ਦੇ ਪਿਤਾ ਵਿਸ਼ਾਲ ਡਾਵਰੇ ਅਤੇ ਮਾਂ ਕਿਰਨ ਨੂੰ ਉਨ੍ਹਾਂ ਦੇ ਬੱਚੇ ਦੇ ਜਦੋਂ ਇਸ ਅਜੀਬ ਬੀਮਾਰੀ ਨਾਲ ਪੀੜਤ ਹੋਣ ਅਤੇ ਟੀਕੇ ਦੀ ਕੀਮਤ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੂੰ ਦੋਹਰਾ ਝਟਕਾ ਲੱਗਾ ਪਰ ਉਨ੍ਹਾਂ ਨੇ ਉਮੀਦ ਨਹੀਂ ਛੱਡੀ।

ਇਹ ਵੀ ਪੜ੍ਹੋ : 16 ਕਰੋੜ ਦਾ ਟੀਕਾ ਵੀ ਨਹੀਂ ਬਚਾ ਸਕਿਆ ਮਾਸੂਮ ਦੀ ਜਾਨ, ਅਜੀਬ ਬੀਮਾਰੀ ਤੋਂ ਪੀੜਤ ਸੀ 1 ਸਾਲ ਦੀ ਬੱਚੀ

ਵਿਸ਼ਾਲ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਸ਼ਿਵਰਾਜ ਨੂੰ ਮੁੰਬਈ ਦੇ ਹਿੰਦੁਜਾ ਹਸਪਤਾਲ 'ਚ ਇਲਾਜ ਲਈ ਰੈਫ਼ਰ ਕੀਤਾ ਗਿਆ, ਜਿੱਥੇ ਡਾਕਟਰ ਬ੍ਰਜੇਸ਼ ਉਦਾਨੀ ਨੇ ਸੁਝਾਅ ਦਿੱਤਾ ਕਿ ਸ਼ਿਵਰਾਜ ਨੂੰ ਜੀਵਨ ਬਚਾਉਣ ਲਈ ਜੋਲਗੇਨਸਮਾ ਟੀਕੇ ਦੀ ਜ਼ਰੂਰਤ ਹੈ। ਨਾਸਿਕ 'ਚ ਫੋਟੋਕਾਪੀ ਦੀ ਦੁਕਾਨ ਚਲਾਉਣ ਵਾਲੇ ਵਿਸ਼ਾਲ ਲਈ ਇੰਨੀ ਵੱਡੀ ਰਕਮ ਦਾ ਪ੍ਰਬੰਧ ਕਰਨਾ ਅਸੰਭਵ ਸੀ। ਵਿਸ਼ਾਲ ਨੇ ਦੱਸਿਆ ਕਿ ਡਾ. ਉਦਾਨੀ ਨੇ ਪਰਿਵਾਰ ਨੂੰ ਕਲੀਨਿਕਲ ਪ੍ਰੀਖਣ ਲਈ ਅਮਰੀਕੀ ਕੰਪਨੀ ਵਲੋਂ ਕੱਢੀ ਜਾਣ ਵਾਲੀ ਲਾਟਰੀ ਲਈ ਅਪਲਾਈ ਕਰਨ ਦਾ ਸੁਝਾਅ ਦਿੱਤਾ, ਜਿਸ ਰਾਹੀਂ ਪਰਿਵਾਰ ਨੂੰ ਮੁਫ਼ਤ ਟੀਕਾ ਮਿਲ ਸਕਦਾ ਸੀ। ਸ਼ਿਵਰਾਜ ਨੂੰ 25 ਦਸੰਬਰ 2020 ਨੂੰ ਕੰਪਨੀ ਨੇ ਲੱਕੀ ਡਰਾਅ ਲਈ ਚੁਣਿਆ ਗਿਆ ਅਤੇ ਉਸ ਨੂੰ 19 ਜਨਵਰੀ 2021 ਨੂੰ ਹਿੰਦੁਜਾ ਹਸਪਤਾਲ 'ਚ ਟੀਕਾ ਲਾਇਆ ਗਿਆ। ਸ਼ਿਵਰਾਜ ਦਾ ਸ਼ੁਰੂਆਤ 'ਚ ਇਲਾਜ ਕਰਨ ਵਾਲੇ ਡਾ. ਰਮੰਤ ਪਾਟਿਲ ਨੇ ਕਿਹਾ,''ਐੱਸਐੱਮਏ 1 ਇਕ ਅਜੀਬ ਬੀਮਾਰੀ ਹੈ। ਇਸ ਬੀਮਾਰੀ ਨਾਲ 10 ਹਜ਼ਾਰ 'ਚੋਂ ਇਕ ਬੱਚਾ ਪ੍ਰਭਾਵਿਤ ਹੁੰਦਾ ਹੈ। ਇਹ ਬੱਚੇ ਦੇ ਵਿਕਾਸ ਨੂੰ ਹੌਲੀ ਕਰ ਦਿੰਦਾ ਹੈ ਅਤੇ ਮਾਸਪੇਸ਼ੀਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਇਸ ਤੋਂ ਬਾਅਦ ਇਸ ਨਾਲ ਬੱਚੇ ਦੀ ਮੌਤ ਹੋ ਜਾਂਦੀ ਹੈ।'' ਇਸ ਵਿਚ ਸ਼ਿਵਰਾਜ ਦੀ ਤਰ੍ਹਾਂ ਐੱਸਐੱਮਏ ਟਾਈਪ 1 ਨਾਲ ਪੀੜਤ ਪੁਣੇ ਦੀ ਇਕ ਸਾਲਾ ਵੇਦਿਕਾ ਸ਼ਿੰਦੇ ਦੀ ਇਹ ਟੀਕਾ ਲੈਣ ਤੋਂ ਕਰੀਬ 2 ਮਹੀਨਿਆਂ ਬਾਅਦ ਐਤਵਾਰ ਸ਼ਾਮ ਮੌਤ ਹੋ ਗਈ।

ਇਹ ਵੀ ਪੜ੍ਹੋ : ਤਿੰਨ ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਨੂੰ ਮੌਤ ਤੱਕ ਜੇਲ੍ਹ ’ਚ ਰੱਖਣ ਦੀ ਸਜ਼ਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha