ਮੁੜ ਸ਼ੁਰੂ ਹੋਈ ਅਮਰਨਾਥ ਯਾਤਰਾ, ਫ਼ੌਜ ਨੇ ਰਾਤੋ-ਰਾਤ ਬਣਾਈਆਂ ਪੌੜੀਆਂ

07/11/2022 11:08:33 AM

ਜੰਮੂ (ਭਾਸ਼ਾ)- ਖ਼ਰਾਬ ਮੌਸਮ ਕਾਰਨ ਲਗਭਗ ਇਕ ਦਿਨ ਲਈ ਮੁਅੱਤਲ ਰਹਿਣ ਤੋਂ ਬਾਅਦ ਸੋਮਵਾਰ ਨੂੰ ਅਮਰਨਾਥ ਯਾਤਰਾ ਮੁੜ ਸ਼ੁਰੂ ਹੋ ਗਈ ਅਤੇ 4,026 ਸ਼ਰਧਾਲੂਆਂ ਦਾ 12ਵਾਂ ਜੱਥਾ ਦੱਖਣੀ ਕਸ਼ਮੀਰ 'ਚ 3,880 ਮੀਟਰ ਦੀ ਉਚਾਈ 'ਤੇ ਸਥਿਤ ਪਵਿੱਤਰ ਅਮਰਨਾਥ ਗੁਫਾ ਦੇ ਦਰਸ਼ਨਾਂ ਲਈ ਜੰਮੂ ਤੋਂ ਰਵਾਨਾ ਹੋਇਆ। ਖ਼ਰਾਬ ਮੌਸਮ ਕਾਰਨ ਜੰਮੂ ਤੋਂ ਯਾਤਰਾ ਨੂੰ ਮੁਅੱਤਲ ਕਰ ਦਿੱਤੀ ਗਈ ਸੀ ਅਤੇ ਐਤਵਾਰ ਨੂੰ ਕਿਸੇ ਵੀ ਜਥੇ ਨੂੰ ਘਾਟੀ ਦੇ ਬੇਸ ਕੈਂਪਾਂ ਵੱਲ ਵਧਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਅਮਰਨਾਥ ਗੁਫ਼ਾ ਕੋਲ 8 ਜੁਲਾਈ ਨੂੰ ਬੱਦਲ ਫਟਣ ਕਾਰਨ ਮੋਹਲੇਧਾਰ ਮੀਂਹ ਕਾਰਨ ਅਚਾਨਕ ਆਏ ਹੜ੍ਹ ਨਾਲ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਤੋਂ ਵੱਧ ਲੋਕ ਹਾਲੇ ਵੀ ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ 110 ਵਾਹਨਾਂ ਵਿਚ 4,026 ਸ਼ਰਧਾਲੂਆਂ ਦਾ 12ਵਾਂ ਜੱਥਾ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੀ ਸਖ਼ਤ ਸੁਰੱਖਿਆ ਹੇਠ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਰਵਾਨਾ ਹੋਇਆ। ਇਸ ਵਿਚ 13 ਬੱਚੇ, 174 ਸਾਧੂ ਅਤੇ ਛੇ ਸਾਧਵੀਆਂ ਹਨ। 

ਉਨ੍ਹਾਂ ਦੱਸਿਆ ਕਿ ਬਾਲਟਾਲ ਬੇਸ ਕੈਂਪ ਲਈ 1,016 ਸ਼ਰਧਾਲੂ ਸਭ ਤੋਂ ਪਹਿਲਾਂ 35 ਵਾਹਨਾਂ ਵਿਚ ਸਵੇਰੇ 3.30 ਵਜੇ ਰਵਾਨਾ ਹੋਏ। ਇਸ ਤੋਂ ਬਾਅਦ 75 ਵਾਹਨਾਂ ਦਾ ਦੂਜਾ ਕਾਫਲਾ ਕਸ਼ਮੀਰ ਦੇ ਪਹਿਲਗਾਮ ਕੈਂਪ ਲਈ 2,425 ਸ਼ਰਧਾਲੂਆਂ ਨੂੰ ਲੈ ਕੇ ਗਿਆ। ਇਸ ਦੌਰਾਨ ਫ਼ੌਜ ਨੇ ਪਵਿੱਤਰ ਗੁਫਾ ਦੇ ਬਾਹਰ ਅਸਥਾਈ ਪੌੜੀਆਂ ਬਣਾਈਆਂ। ਪਿਛਲੇ ਸ਼ੁੱਕਰਵਾਰ ਨੂੰ ਬੱਦਲ ਫਟਣ ਕਾਰਨ ਜ਼ਮੀਨ ਖਿਸਕਣ ਕਾਰਨ ਗੁਫਾ ਮੰਦਰ ਵੱਲ ਜਾਣ ਵਾਲੀ ਸੜਕ ਨੁਕਸਾਨੀ ਗਈ ਸੀ। ਫੌਜ ਦੀ ਇਕਾਈ 'ਚਿਨਾਰ ਕੋਰ' ਨੇ ਟਵੀਟ ਕੀਤਾ,''ਅੱਜ ਪਹਿਲਗਾਮ ਤੋਂ ਯਾਤਰਾ ਸ਼ੁਰੂ ਹੋਣ ਦੇ ਮੱਦੇਨਜ਼ਰ ਪਵਿੱਤਰ ਗੁਫਾ ਦੇ ਬਾਹਰ ਸ਼ਰਧਾਲੂਆਂ ਲਈ ਰਾਤ ਭਰ ਲਈ ਅਸਥਾਈ ਪੌੜੀਆਂ ਬਣਾਈਆਂ ਗਈਆਂ ਹਨ।'' ਬਾਬਾ ਬਰਫਾਨੀ ਦੇ ਦਰਸ਼ਨ ਲਈ 43 ਦਿਨਾਂ ਦੀ ਸਾਲਾਨਾ ਯਾਤਰਾ ਦੱਖਣ ਦੀ ਰਵਾਇਤੀ ਹੈ। ਕਸ਼ਮੀਰ ਦੇ ਪਹਿਲਗਾਮ ਵਿਚ 48 ਕਿਲੋਮੀਟਰ ਲੰਬਾ ਨਨਵਾਨ ਰੂਟ ਅਤੇ ਮੱਧ ਕਸ਼ਮੀਰ ਦੇ ਗੰਦਰਬਲ ਵਿਚ 14 ਕਿਲੋਮੀਟਰ ਲੰਬਾ ਬਾਲਟਾਲ ਰੂਟ 30 ਜੂਨ ਨੂੰ ਸ਼ੁਰੂ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 1.13 ਲੱਖ ਤੋਂ ਵੱਧ ਸ਼ਰਧਾਲੂ ਪਵਿੱਤਰ ਗੁਫਾ ਵਿਚ ਬਰਫ਼ ਨਾਲ ਬਣੇ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ। ਅਮਰਨਾਥ ਯਾਤਰਾ 11 ਅਗਸਤ ਨੂੰ ਰੱਖੜੀ ਮੌਕੇ ਸਮਾਪਤ ਹੋਵੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha