ਸਾਰੇ ਭ੍ਰਿਸ਼ਟ ਲੋਕ ਆਮ ਆਦਮੀ ਪਾਰਟੀ ਵਿਰੁੱਧ ਇਕਜੁਟ ਹੋ ਗਏ ਹਨ : ਕੇਜਰੀਵਾਲ

02/19/2022 12:16:28 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਸਾਰੇ ਭ੍ਰਿਸ਼ਟ ਲੋਕ ਆਮ ਆਦਮੀ ਪਾਰਟੀ (ਆਪ) ਵਿਰੁੱਧ ਇਕਜੁਟ ਹੋ ਗਏ ਹਨ ਅਤੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ ਸਕੂਲਾਂ 'ਚ 12,430 ਆਧੁਨਿਕ ਕਲਾਸਾਂ ਦੇ ਉਦਘਾਟਨ ਨਾਲ ਅਜਿਹੇ ਲੋਕਾਂ ਨੂੰ ਕਰਾਰਾ ਜਵਾਬ ਮਿਲੇਗਾ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਦੇਸ਼ ਇਨ੍ਹਾਂ ਭ੍ਰਿਸ਼ਟ ਲੋਕਾਂ ਅੱਗੇ ਨਹੀਂ ਝੁਕੇਗਾ ਅਤੇ ਅੱਗੇ ਵਧੇਗਾ।

ਮੁੱਖ ਮੰਤਰੀ ਨੇ ਟਵੀਟ ਕਰ ਕੇ ਕਿਹਾ,''ਦੇਸ਼ ਦੇ ਸਾਰੇ ਭ੍ਰਿਸ਼ਟਾਚਾਰੀ ਸਾਡੇ ਵਿਰੁੱਧ ਇਕੱਠੇ ਹੋ ਗਏ ਹਨ। ਅੱਜ ਅਸੀਂ ਦਿੱਲੀ ਦੇ ਸਕੂਲਾਂ 'ਚ 12,430 ਆਧੁਨਿਕ ਕਲਾਸਰੂਮ (ਜਮਾਤਾਂ) ਸ਼ੁਰੂ ਕਰ ਕੇ ਉਨ੍ਹਾਂ ਨੂੰ ਕਰਾਰਾ ਜਵਾਬ ਦੇਵਾਂਗੇ। ਇਹ ਦੇਸ਼ ਇਨ੍ਹਾਂ ਭ੍ਰਿਸ਼ਟਾਚਾਰੀਆਂ ਸਾਹਮਣੇ ਨਹੀਂ ਝੁਕੇਗਾ। ਹੁਣ ਦੇਸ਼ ਨੇ ਠਾਨ ਲਈ ਹੈ। ਹੁਣ ਦੇਸ਼ ਅੱਗੇ ਵਧੇਗਾ। ਬਾਬਾ ਸਾਹਿਬ ਅਤੇ ਭਗਤ ਸਿੰਘ ਦੇ ਸੁਫ਼ਨੇ ਪੂਰੇ ਹੋਣਗੇ।'' ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਨੇਤਾ ਕੁਮਾਰ ਵਿਸ਼ਵਾਸ ਵਲੋਂ ਕੇਜਰੀਵਾਲ 'ਤੇ ਪੰਜਾਬ 'ਚ ਵੱਖਵਾਦੀਆਂ ਦਾ ਸਮਰਥਨ ਕਰਨ ਦਾ ਦੋਸ਼ ਲਗਾਉਣ ਤੋਂ ਬਾਅਦ ਕੇਜਰੀਵਾਲ ਭਾਜਪਾ ਅਤੇ ਕਾਂਗਰਸ ਦੇ ਨਿਸ਼ਾਨੇ 'ਤੇ ਆ ਗਏ ਹਨ। ਕੇਜਰੀਵਾਲ ਨੇ ਕੁਮਾਰ ਵਿਸ਼ਵਾਸ ਦੇ ਦੋਸ਼ਾਂ ਨੂੰ ਹਾਸੋਹੀਣ ਕਰਾਰ ਦਿੱਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha