ਅਲਕਾ ਲਾਂਬਾ ਨੇ ਟਵੀਟ ਰਾਹੀਂ ਫਿਰ ਕੱਢੀ 'ਆਪ' 'ਤੇ ਭੜਾਸ

02/05/2019 5:31:27 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਅਤੇ ਵਿਧਾਇਕਾ ਅਲਕਾ ਲਾਂਬਾ ਵਿਚਾਲੇ ਚੱਲ ਰਿਹਾ ਮਨ-ਮੁਟਾਵ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਅਲਕਾ ਲਾਂਬਾ ਨੇ ਟਵਿੱਟਰ 'ਤੇ ਇਕ ਪੋਸਟ ਸਾਂਝੀ ਕਰ ਕੇ ਦੋਸ਼ ਲਾਇਆ ਕਿ ਪਾਰਟੀ ਵਿਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਅਲਕਾ ਨੇ ਕਿਹਾ ਕਿ ਪਾਰਟੀ 'ਚ ਕੁਝ ਅਜਿਹੇ ਕਾਰਨ ਹਨ ਜਿਨ੍ਹਾਂ ਲਈ ਉਨ੍ਹਾਂ ਨੂੰ 'ਆਪ' ਤੋਂ ਵੱਖ ਹੋ ਜਾਣਾ ਚਾਹੀਦਾ ਪਰ ਉਹ ਜਨਪ੍ਰਤੀਨਿਧੀਆਂ ਵਾਂਗ ਆਪਣੀਆਂ ਸੇਵਾਵਾਂ ਜਾਰੀ ਰੱਖਣਾ ਚਾਹੁੰਦੀ ਹੈ। 

ਦਰਅਸਲ ਮੀਡੀਆ ਵਿਚ ਖਬਰਾਂ ਆਈਆਂ ਸਨ ਕਿ ਅਲਕਾ ਲਾਂਬਾ 'ਆਪ' ਪਾਰਟੀ ਛੱਡਣਾ ਚਾਹੁੰਦੀ ਹੈ ਅਤੇ ਇਸ ਲਈ ਵਾਜਿਬ ਵਜ੍ਹਾ ਲੱਭ ਰਹੀ ਹੈ। ਇਸ ਦਾ ਜਵਾਬ ਦਿੰਦੇ ਹੋਏ ਅਲਕਾ ਨੇ ਟਵਿੱਟਰ 'ਤੇ ਲਿਖਿਆ, ''ਕਾਰਨ ਲੱਭਣ ਦੀ ਮੈਨੂੰ ਹੀ ਨਹੀਂ ਸਗੋਂ ਕਿ ਬਹੁਤ ਸਾਰੇ ਵਿਧਾਇਕਾਂ ਨੂੰ ਵੀ ਲੋੜ ਨਹੀਂ ਹੈ, ਪਹਿਲਾਂ ਤੋਂ ਹੀ ਬਹੁਤ ਸਾਰੇ ਅਜਿਹੇ ਕਾਰਨ ਮੌਜੂਦ ਹੋਣ ਦੇ ਬਾਵਜੂਦ ਵੀ ਮੇਰੀ ਤਰ੍ਹਾਂ ਦੂਜੇ ਵਿਧਾਇਕ ਅੱਜ ਵੀ ਪਾਰਟੀ ਨਾਲ ਜੁੜੇ ਹੋਏ ਹਨ, ਇਸ ਨੂੰ ਹੀ ਵਿਧਾਇਕਾਂ ਦੀ ਕਮਜ਼ੋਰੀ ਸਮਝਿਆ ਜਾ ਰਿਹਾ ਹੈ,  ਜਨਪ੍ਰਤੀਨਿਧੀ ਦੇ ਤੌਰ 'ਤੇ ਮੈਂ ਜਨਤਾ ਲਈ ਆਪਣੀਆਂ ਸੇਵਾਵਾਂ ਜਾਰੀ ਰੱਖਾਂਗੀ।''

ਇੱਥੇ ਦੱਸ ਦੇਈਏ ਕਿ ਅਲਕਾ ਲਾਂਬਾ ਅਤੇ 'ਆਪ' ਪਾਰਟੀ ਵਿਚਾਲੇ ਵਿਵਾਦ ਦੀ ਵਜ੍ਹਾ ਰਾਜੀਵ ਗਾਂਧੀ ਨਾਲ ਜੁੜਿਆ ਇਕ ਪ੍ਰਸਤਾਵ ਸੀ। ਦਰਸਅਲ ਪਾਰਟੀ ਦੇ ਵਿਧਾਇਕ ਨੇ 1984 ਦੰਗਿਆਂ ਦਾ ਜ਼ਿਕਰ ਕਰ ਕੇ ਕਿਹਾ ਸੀ ਕਿ ਰਾਜੀਵ ਗਾਂਧੀ ਨੂੰ ਦਿੱਤਾ ਗਿਆ ਭਾਰਤ ਰਤਨ ਐਵਾਰਡ ਵਾਪਸ ਲਿਆ ਜਾਣਾ ਚਾਹੀਦਾ ਹੈ। ਇਸ ਦੇ ਪੱਖ 'ਚ ਵਿਧਾਨ ਸਭਾ 'ਚ ਬੋਲਣ ਲਈ ਅਲਕਾ ਨੂੰ ਵੀ ਕਿਹਾ ਗਿਆ ਸੀ ਪਰ ਉਹ ਵਾਕ ਆਊਟ ਕਰ ਗਈ ਸੀ। ਇਸ ਤੋਂ ਬਾਅਦ ਅਲਕਾ ਪਾਰਟੀ 'ਤੇ ਖੁਦ ਨੂੰ ਅਲੱਗ-ਥਲੱਗ ਕਰਨ ਦਾ ਦੋਸ਼ ਲਗਾਉਂਦੀ ਰਹੀ। ਅਲਕਾ ਨੇ ਇਹ ਵੀ ਦਾਅਵਾ ਕੀਤਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਟਵਿੱਟਰ 'ਤੇ ਅਨਫਾਲੋ ਕਰ ਦਿੱਤਾ ਹੈ।

Tanu

This news is Content Editor Tanu